ਬਰਾਬਰ ਅੰਕ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮਿਲੇਗਾ ਇੱਕੋ ਦਰਜਾ, ਉਮਰ ਆਧਾਰਿਤ ਪੁਜ਼ੀਸ਼ਨ ਪ੍ਰਣਾਲੀ ਖਤਮ
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮਹੱਤਵਪੂਰਨ ਫ਼ੈਸਲਾ ਬੋਰਡ ਪ੍ਰੀਖਿਆਵਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਗਮ ਦੌਰਾਨ ਐਲਾਨਿਆ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਹੁਣ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਮਰ ਦੇ ਆਧਾਰ ’ਤੇ ਵੱਖ-ਵੱਖ ਦਰਜੇ ਨਹੀਂ ਦਿੱਤੇ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਦੇ ਅੰਕ ਬਰਾਬਰ ਹੋਣਗੇ, ਉਨ੍ਹਾਂ ਸਭ ਨੂੰ ਇੱਕੋ ਦਰਜਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮਹੱਤਵਪੂਰਨ ਫ਼ੈਸਲਾ ਬੋਰਡ ਪ੍ਰੀਖਿਆਵਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਗਮ ਦੌਰਾਨ ਐਲਾਨਿਆ।
ਚੰਡੀਗੜ੍ਹ ਵਿੱਚ ਕਰਵਾਏ ਗਏ “ਸਿਤਾਰੇ ਜ਼ਮੀਨ ’ਤੇ” ਸਮਾਗਮ ਦੌਰਾਨ ਇੱਕ ਵਿਦਿਆਰਥਣ ਨੇ ਉਮਰ ਦੇ ਆਧਾਰ ’ਤੇ ਦਰਜਾਬੰਦੀ ਕਰਨ ਦੇ ਨਿਯਮ ’ਤੇ ਸਵਾਲ ਉਠਾਇਆ। ਉਸ ਨੇ ਕਿਹਾ ਕਿ ਇੱਕੋ ਜਿਹੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਮਿਹਨਤ ਵੀ ਇੱਕੋ ਜਿਹੀ ਹੁੰਦੀ ਹੈ, ਫਿਰ ਕੇਵਲ ਜਨਮ ਮਿਤੀ ਦੇ ਆਧਾਰ ’ਤੇ ਕਿਸੇ ਨੂੰ ਪਹਿਲਾ ਤੇ ਕਿਸੇ ਨੂੰ ਦੂਜਾ ਜਾਂ ਤੀਜਾ ਦਰਜਾ ਦੇਣਾ ਠੀਕ ਨਹੀਂ।
ਵਿਦਿਆਰਥਣ ਦੀ ਗੱਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਹੀ ਸਿੱਖਿਆ ਵਿਭਾਗ ਨੂੰ ਨਿਯਮਾਂ ਵਿੱਚ ਤਬਦੀਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਹੁਣ ਜੇਕਰ ਇੱਕ ਤੋਂ ਵੱਧ ਵਿਦਿਆਰਥੀ ਪੂਰੇ ਅੰਕ ਜਾਂ ਬਰਾਬਰ ਅੰਕ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਸਾਰਿਆਂ ਨੂੰ ਇੱਕੋ ਦਰਜਾ ਦਿੱਤਾ ਜਾਵੇਗਾ। ਇਸ ਤਰ੍ਹਾਂ ਪਹਿਲੇ, ਦੂਜੇ ਜਾਂ ਤੀਜੇ ਦਰਜੇ ’ਤੇ ਇੱਕ ਤੋਂ ਵੱਧ ਵਿਦਿਆਰਥੀ ਹੋ ਸਕਣਗੇ।
ਸਿੱਖਿਆ ਵਿਭਾਗ ਵੱਲੋਂ ਟੈਗੋਰ ਥੀਏਟਰ, ਚੰਡੀਗੜ੍ਹ ਵਿੱਚ ਆਯੋਜਿਤ ਇਸ ਸਨਮਾਨ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।
ਵਿਦਿਆਰਥਣ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਤਿੰਨ ਵਿਦਿਆਰਥਣਾਂ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਸਨ, ਪਰ ਉਨ੍ਹਾਂ ਨੂੰ ਜਨਮ ਮਿਤੀ ਦੇ ਆਧਾਰ ’ਤੇ ਪਹਿਲਾ, ਦੂਜਾ ਅਤੇ ਤੀਜਾ ਦਰਜਾ ਦਿੱਤਾ ਗਿਆ। ਉਸ ਨੇ ਸਵਾਲ ਕੀਤਾ ਕਿ ਜਦੋਂ ਤਿੰਨਾਂ ਦੇ ਅੰਕ ਬਰਾਬਰ ਸਨ ਤਾਂ ਉਨ੍ਹਾਂ ਨੂੰ ਇੱਕੋ ਦਰਜਾ ਕਿਉਂ ਨਹੀਂ ਦਿੱਤਾ ਗਿਆ।
ਵਿਦਿਆਰਥਣ ਦੀ ਇਸ ਗੱਲ ਨੂੰ ਸਮਾਗਮ ਵਿੱਚ ਮੌਜੂਦ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਇਸ ਤੋਂ ਬਾਅਦ ਸਰਕਾਰ ਨੇ ਦਰਜਾਬੰਦੀ ਪ੍ਰਣਾਲੀ ਵਿੱਚ ਤਬਦੀਲੀ ਕਰਨ ਦਾ ਫ਼ੈਸਲਾ ਕਰ ਲਿਆ, ਜਿਸ ਨਾਲ ਹੁਣ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਮਾਨ ਸਨਮਾਨ ਮਿਲੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
