ਸਕੂਲਾਂ ਨੂੰ ਫਿਰ ਮਿਲੀ ਬੰਬ ਧਮਾਕੇ ਦੀ ਚੇਤਾਵਨੀ; ਅੰਬਾਲਾ-ਦਿੱਲੀ ਰੇਲ ਮਾਰਗ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ
ਐਸਏਐਸ ਨਗਰ ਪੁਲਿਸ ਵੱਲੋਂ ਸਕੂਲ ਕੈਂਪਸ ਵਿੱਚ ਵਿਸ਼ੇਸ਼ ਸੁਰੱਖਿਆ ਜਾਂਚ ਦੇ ਨਾਲ ਕੜੀ ਨਿਗਰਾਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਨਿਊ ਚੰਡੀਗੜ੍ਹ ਸਥਿਤ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਨੂੰ ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਮੁਹਾਲੀ ਪੁਲਿਸ ਤੁਰੰਤ ਸਰਗਰਮ ਹੋ ਗਈ। ਐਸਏਐਸ ਨਗਰ ਪੁਲਿਸ ਵੱਲੋਂ ਸਕੂਲ ਕੈਂਪਸ ਵਿੱਚ ਵਿਸ਼ੇਸ਼ ਸੁਰੱਖਿਆ ਜਾਂਚ ਦੇ ਨਾਲ ਕੜੀ ਨਿਗਰਾਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪੁਲਿਸ ਟੀਮ ਨੇ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੱਸਦਿਆਂ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਸਖ਼ਤੀ ਨਾਲ ਲਾਗੂ ਕਰ ਦਿੱਤੇ ਹਨ। ਧਮਕੀ ਮਿਲਣ ਮਗਰੋਂ ਸਬੰਧਤ ਸਕੂਲਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ। ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਸੂੰਘਣ ਵਾਲੇ ਕੁੱਤਿਆਂ ਦੀਆਂ ਟੀਮਾਂ ਵੱਲੋਂ ਸਕੂਲ ਦੇ ਹਰੇਕ ਹਿੱਸੇ ਦੀ ਧਿਆਨ ਨਾਲ ਤਲਾਸ਼ੀ ਲਈ ਗਈ। ਹੁਣ ਤੱਕ ਕਿਸੇ ਵੀ ਸਕੂਲ ਵਿਚੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

ਮੁਹਾਲੀ ਪੁਲਿਸ ਨੇ ਮਾਪਿਆਂ, ਅਧਿਆਪਕਾਂ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ ਅਤੇ ਪੂਰਾ ਅਮਲਾ ਪੂਰੀ ਸਾਵਧਾਨੀ ਅਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ।
ਜਿਕਰਯੋਗ ਹੈ ਕਿ ਧਮਕੀ ਤੋਂ ਬਾਅਦ ਪੁਲਿਸ, ਸਾਈਬਰ ਸ਼ਾਖਾ ਅਤੇ ਸੁਰੱਖਿਆ ਏਜੰਸੀਆਂ ਨੂੰ ਚੌਕੰਨਾ ਕਰ ਦਿੱਤਾ ਗਿਆ ਹੈ। ਭੇਜੇ ਗਏ ਸੁਨੇਹੇ ਵਿੱਚ ਕੁਝ ਭੜਕਾਊ ਅਤੇ ਇਤਰਾਜ਼ਯੋਗ ਗੱਲਾਂ ਵੀ ਲਿਖੀਆਂ ਗਈਆਂ ਹਨ। ਸੁਨੇਹੇ ਵਿੱਚ 6 ਜੂਨ 2026 ਤੱਕ ਅੰਬਾਲਾ-ਦਿੱਲੀ ਰੇਲ ਮਾਰਗ ਉੱਤੇ ਆਈਈਡੀ ਧਮਾਕਾ ਕਰਨ ਦੀ ਚੇਤਾਵਨੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਦੀ ਸਾਈਬਰ ਸ਼ਾਖਾ ਸੁਨੇਹਾ ਭੇਜਣ ਵਾਲੇ ਦੀ ਪਛਾਣ ਅਤੇ ਉਸ ਦੀ ਥਾਂ ਦਾ ਪਤਾ ਲਗਾਉਣ ਲਈ ਜਾਂਚ ਵਿੱਚ ਜੁਟੀ ਹੋਈ ਹੈ। ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਮਾਪਿਆਂ ਅਤੇ ਆਮ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
