ਮਾਸੂਮ ਆਰਵ ਕਤਲ ਮਾਮਲੇ ‘ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ, 41 ਦਿਨਾਂ ਵਿੱਚ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ

ਮਾਸੂਮ ਆਰਵ ਕਤਲ ਮਾਮਲੇ ‘ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ, 41 ਦਿਨਾਂ ਵਿੱਚ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ

ਵਾਰਦਾਤ ਤੋਂ ਸਿਰਫ਼ 41 ਦਿਨਾਂ ਦੇ ਅੰਦਰ ਆਏ ਇਸ ਫ਼ੈਸਲੇ ਨੂੰ ਤੇਜ਼ ਨਿਆਂ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਅਦਾਲਤ ਨੇ ਬੱਚੇ ਦੇ ਰਿਸ਼ਤੇਦਾਰ ਵਿਰਾਜ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ।

ਫਿਰੋਜ਼ਾਬਾਦ

ਬਿਊਰੋ ਰਿਪੋਰਟ

ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਵਿੱਚ ਡੇਢ ਸਾਲ ਦੇ ਬੱਚੇ ਆਰਵ ਦੀ ਨਿਰਦਈ ਹੱਤਿਆ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਸ਼ੁੱਕਰਵਾਰ ਦੁਪਹਿਰ ਕਰੀਬ 2:45 ਵਜੇ ਜ਼ਿਲ੍ਹਾ ਜੱਜ ਨੇ ਇਹ ਫ਼ੈਸਲਾ ਸੁਣਾਇਆ। ਵਾਰਦਾਤ ਤੋਂ ਸਿਰਫ਼ 41 ਦਿਨਾਂ ਦੇ ਅੰਦਰ ਆਏ ਇਸ ਫ਼ੈਸਲੇ ਨੂੰ ਤੇਜ਼ ਨਿਆਂ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਅਦਾਲਤ ਨੇ ਬੱਚੇ ਦੇ ਰਿਸ਼ਤੇਦਾਰ ਵਿਰਾਜ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ।

ਇਹ ਮਾਮਲਾ ਸਿਰਸਾਗੰਜ ਤਹਿਸੀਲ ਦੇ ਪਿੰਡ ਬਾਮਈ ਨਾਲ ਸਬੰਧਤ ਹੈ। 30 ਮਈ ਨੂੰ ਸ਼ਿਕੋਹਾਬਾਦ ਦੀ ਯਾਦਵ ਕਾਲੋਨੀ ਵਿੱਚ ਰਹਿ ਰਹੇ ਰਤੀ ਦੇ ਡੇਢ ਸਾਲ ਦੇ ਪੁੱਤਰ ਆਰਵ ਨੂੰ ਜ਼ਮੀਨ ‘ਤੇ ਵਾਰ-ਵਾਰ ਪਟਕ ਕੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਰਤੀ ਦਾ ਵਿਆਹ ਬਦਾਯੂੰ ਦੇ ਸਿਆਰਾਮ ਨਗਰ ਦੇ ਰਹਿਣ ਵਾਲੇ ਸੁਮਿਤ ਉਰਫ਼ ਪ੍ਰਿਅੰਕ ਨਾਲ ਹੋਇਆ ਸੀ, ਪਰ ਪਰਿਵਾਰਕ ਵਿਵਾਦਾਂ ਕਾਰਨ ਉਹ ਤਲਾਕ ਲੈਣ ਦੀ ਪ੍ਰਕਿਰਿਆ ਵਿੱਚ ਸੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਰਤੀ ਦਾ ਰਿਸ਼ਤੇ ਵਿੱਚ ਲੱਗਦਾ ਫੁਫੇਰਾ ਦਿਓਰ ਵਿਰਾਜ ਉਰਫ਼ ਜਤਿੰਦਰ ਪਾਠਕ, ਜੋ ਸ਼ੇਖੂਪੁਰਾ (ਬਦਾਯੂੰ) ਦਾ ਰਹਿਣ ਵਾਲਾ ਹੈ, ਇੱਕਤਰਫ਼ਾ ਪਿਆਰ ਕਰਦਾ ਸੀ ਅਤੇ ਰਤੀ ‘ਤੇ ਵਿਆਹ ਲਈ ਦਬਾਅ ਪਾ ਰਿਹਾ ਸੀ। ਜਦੋਂ ਰਤੀ ਨੇ ਆਪਣੇ ਬੱਚੇ ਦਾ ਹਵਾਲਾ ਦੇ ਕੇ ਇਨਕਾਰ ਕੀਤਾ ਤਾਂ ਉਸ ਨੇ ਮਾਸੂਮ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀ ਹੱਤਿਆ ਕਰ ਦਿੱਤੀ। ਸੀਸੀਟੀਵੀ ਫੁਟੇਜ ਵਿੱਚ ਦੋਸ਼ੀ ਬੱਚੇ ਨੂੰ ਅੱਠ ਵਾਰ ਜ਼ਮੀਨ ‘ਤੇ ਪਟਕਦਾ ਦਿਖਾਈ ਦਿੱਤਾ। ਪੁਲਿਸ ਨੇ ਘਟਨਾ ਤੋਂ ਕਰੀਬ ਛੇ ਘੰਟਿਆਂ ਬਾਅਦ ਮੁਕਾਬਲੇ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਮੁਕਾਬਲੇ ਦੌਰਾਨ ਦੋਸ਼ੀ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ। ਸ਼ਿਕੋਹਾਬਾਦ ਪੁਲਿਸ ਨੇ ਕੇਵਲ ਛੇ ਦਿਨਾਂ ਵਿੱਚ 13 ਗਵਾਹਾਂ ਦੇ ਬਿਆਨ, ਸੀਸੀਟੀਵੀ ਫੁਟੇਜ ਅਤੇ ਹੋਰ ਅਹਿਮ ਸਬੂਤ ਇਕੱਠੇ ਕਰਕੇ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕਰ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਜੱਜ ਡਾ. ਬੱਬੂ ਸਾਰੰਗ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ। ਵੀਰਵਾਰ ਨੂੰ ਅਦਾਲਤ ਨੇ ਦੋਸ਼ੀ ਨੂੰ ਕਸੂਰਵਾਰ ਕਰਾਰ ਦਿੱਤਾ ਸੀ, ਜਦਕਿ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ।

ਜ਼ਿਲ੍ਹਾ ਸਰਕਾਰੀ ਵਕੀਲ ਰਾਜੀਵ ਪ੍ਰਿਯਦਰਸ਼ੀ ਨੇ ਦੱਸਿਆ ਕਿ ਇਸਤਗਾਸਾ ਪੱਖ ਵੱਲੋਂ 13 ਗਵਾਹ ਪੇਸ਼ ਕੀਤੇ ਗਏ, ਜਦਕਿ ਬਚਾਅ ਪੱਖ ਨੇ ਇੱਕ ਗਵਾਹ ਦੀ ਗਵਾਹੀ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਇਹ ਹੱਤਿਆ ਇੰਨੀ ਦਰਿੰਦਗੀ ਭਰੀ ਸੀ ਕਿ ਇਸ ਦੀ ਵੀਡੀਓ ਇੱਕ ਵਾਰ ਦੇਖਣ ਤੋਂ ਬਾਅਦ ਦੁਬਾਰਾ ਦੇਖਣਾ ਮੁਸ਼ਕਲ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮਾਮਲੇ ਦੀ ਤੇਜ਼ੀ ਨਾਲ ਪੈਰਵੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਇਸ ਜੁਰਮ ਲਈ ਫਾਂਸੀ ਤੋਂ ਘੱਟ ਕੋਈ ਹੋਰ ਸਜ਼ਾ ਉਚਿਤ ਨਹੀਂ ਹੋ ਸਕਦੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *