ਪੰਜਾਬ ਪੁਲਿਸ ਦਾ ਸਖ਼ਤ ਸਟੈਂਡ: “ਲਾਰੈਂਸ ਆਫ਼ ਪੰਜਾਬ” ਡਾਕੂਮੈਂਟਰੀ ਰਿਲੀਜ਼ ਰੋਕਣ ਦੀ ਮੰਗ
ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਨੈੱਟਵਰਕ ਨੂੰ ਦਰਸਾਉਂਦੀ ਹੈ। ਇਸ ਵਿੱਚ ਕਈ ਹਾਈ-ਪ੍ਰੋਫਾਈਲ ਕੇਸਾਂ ਦਾ ਜ਼ਿਕਰ ਹੈ, ਜਿਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ।

ਚੰਡੀਗੜ
ਬਿਊਰੋ ਰਿਪੋਰਟ
ਪੰਜਾਬ ਪੁਲਿਸ ਨੇ ਵਿਵਾਦਾਂ ‘ਚ ਘਿਰੀ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ਖ਼ਿਲਾਫ਼ ਅਹਿਮ ਕਦਮ ਚੁੱਕਦੇ ਹੋਏ ਇਸਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ (MIB) ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਇਸ ਡਾਕੂਮੈਂਟਰੀ ਨੂੰ ਜਨਤਕ ਪਲੇਟਫਾਰਮਾਂ ‘ਤੇ ਆਉਣ ਤੋਂ ਰੋਕਿਆ ਜਾਵੇ। ਇਹ ਸੀਰੀਜ਼ 27 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤੈਅ ਹੈ।
ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਸਾਈਬਰ ਕ੍ਰਾਈਮ) ਵੀ. ਨੀਰਜਾ ਵੱਲੋਂ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਨੈੱਟਵਰਕ ਨੂੰ ਦਰਸਾਉਂਦੀ ਹੈ। ਇਸ ਵਿੱਚ ਕਈ ਹਾਈ-ਪ੍ਰੋਫਾਈਲ ਕੇਸਾਂ ਦਾ ਜ਼ਿਕਰ ਹੈ, ਜਿਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ।
ਟ੍ਰੇਲਰ ‘ਤੇ ਵੀ ਨਿਸ਼ਾਨਾ, ਕਾਨੂੰਨ-ਵਿਵਸਥਾ ਲਈ ਖ਼ਤਰੇ ਦੀ ਚੇਤਾਵਨੀ
ਪੰਜਾਬ ਪੁਲਿਸ ਨੇ ਡਾਕੂਮੈਂਟਰੀ ਦੇ ਨਾਲ ਨਾਲ ਇਸ ਦੇ ਟ੍ਰੇਲਰ ਨੂੰ ਵੀ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਪੁਲਿਸ ਅਨੁਸਾਰ, ਅਜਿਹੀ ਸਮੱਗਰੀ ਸੰਗਠਿਤ ਅਪਰਾਧ ਨੂੰ ਗਲੈਮਰਸ ਤਰੀਕੇ ਨਾਲ ਪੇਸ਼ ਕਰ ਸਕਦੀ ਹੈ, ਜੋ ਨੌਜਵਾਨਾਂ ‘ਤੇ ਗਲਤ ਅਸਰ ਪਾ ਸਕਦੀ ਹੈ ਅਤੇ ਕਾਨੂੰਨ-ਵਿਵਸਥਾ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
IT ਕਾਨੂੰਨ ਅਧੀਨ ਕਾਰਵਾਈ ਦੀ ਮੰਗ
ਇਹ ਮਾਮਲਾ Information Technology Act, 2000 ਦੀ Section 69A(1) ਅਤੇ IT Rules, 2009 ਦੇ ਤਹਿਤ ਉਠਾਇਆ ਗਿਆ ਹੈ। ਪੁਲਿਸ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਸੀਰੀਜ਼ ਦੀ ਸਟ੍ਰੀਮਿੰਗ ‘ਤੇ ਪਾਬੰਦੀ ਲਗਾਏ ਅਤੇ ਇਸ ਨਾਲ ਜੁੜੀ ਸਮੱਗਰੀ ਨੂੰ ਵਿਸ਼ਵ ਪੱਧਰ ‘ਤੇ ਹਟਾਇਆ ਜਾਵੇ।
ਹਾਈ ਕੋਰਟ ਦੇ ਪਿਛਲੇ ਨੋਟਿਸ ਦਾ ਹਵਾਲਾ
ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ‘ਚੋਂ ਦਿੱਤੇ ਇੰਟਰਵਿਊਆਂ ‘ਤੇ ਸੁ ਮੋਟੋ ਨੋਟਿਸ ਲੈ ਚੁੱਕੀ ਹੈ। ਅਦਾਲਤ ਨੇ ਅਜਿਹੀ ਸਮੱਗਰੀ ਨੂੰ ਅਪਰਾਧ ਨੂੰ ਵਧਾਵਾ ਦੇਣ ਵਾਲੀ ਅਤੇ ਚੱਲ ਰਹੀਆਂ ਜਾਂਚਾਂ ‘ਤੇ ਅਸਰ ਪਾਉਣ ਵਾਲੀ ਮੰਨਿਆ ਸੀ।
ਡਿਜ਼ੀਟਲ ਸਮੱਗਰੀ ਦਾ ਨੌਜਵਾਨਾਂ ‘ਤੇ ਅਸਰ
ਅਧਿਕਾਰੀਆਂ ਨੇ ਕਿਹਾ ਕਿ ਇੰਟਰਨੈੱਟ ‘ਤੇ ਮੌਜੂਦ ਆਡੀਓ-ਵਿਜ਼ੂਅਲ ਸਮੱਗਰੀ ਦਾ ਨੌਜਵਾਨਾਂ ‘ਤੇ ਤੇਜ਼ ਅਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਲਈ, ਅਜਿਹੀ ਸੰਵੇਦਨਸ਼ੀਲ ਸਮੱਗਰੀ ਨੂੰ ਲੈ ਕੇ ਵੱਧ ਸਾਵਧਾਨੀ ਅਤੇ ਨਿਗਰਾਨੀ ਜ਼ਰੂਰੀ ਹੈ।
