ਬੇਅਦਬੀ ਦੀ ਰੋਕ ਲਈ ਲਾਗੂ ਕੀਤੇ ਕਾਨੂੰਨ ਬਦਲੇ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ

ਬੇਅਦਬੀ ਦੀ ਰੋਕ ਲਈ ਲਾਗੂ ਕੀਤੇ ਕਾਨੂੰਨ ਬਦਲੇ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ

ਸਪੀਕਰ ਸੰਧਵਾਂ ਦਾ ਸਾਫ ਸੁਥਰਾ ਅਕਸ ਅਤੇ ਨਿਮਰ ਸੁਭਾਅ ਕਰਦੈ ਸਭ ਨੂੰ ਪ੍ਰਭਾਵਿਤ : ਚਾਣਕੀਆ

ਕੋਟਕਪੂਰਾ

ਬਿਊਰੋ ਰਿਪੋਰਟ

ਸਥਾਨਕ ਜੈਤੋ ਸੜਕ ’ਤੇ ਸਥਿੱਤ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਹਾਜਰ ਸੰਗਤ ਦੇ ਸਹਿਯੋਗ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਨਮਾਨ ਸਮਾਰੋਹ ਮੌਕੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੋਧ ਬਿਲ ਨੂੰ ਕਾਨੂੰਨ ਦਾ ਰੂਪ ਮਿਲਣ ਦੀ ਦੁਨੀਆਂ ਭਰ ਦੀ ਸੰਗਤ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਸੁਖਮਨੀ ਸਾਹਿਬ, ਨਿਤਨੇਮ ਦੀਆਂ ਬਾਣੀਆਂ, ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਆਖਿਆ ਕਿ ਸਪੀਕਰ ਸੰਧਵਾਂ ਦਾ ਸਾਫ ਸੁਥਰਾ ਅਕਸ ਅਤੇ ਨਿਮਰ ਸੁਭਾਅ ਹਰ ਇਕ ਪ੍ਰਭਾਵਿਤ ਕਰਦਾ ਹੈ।

ਸਪੀਕਰ ਸੰਧਵਾਂ ਨੇ ਜਥੇਦਾਰ ਬਾਬਾ ਕੁਲਵੰਤ ਸਿੰਘ ਸਮੇਤ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸਭ ਸੰਗਤ ਦੇ ਸਹਿਯੋਗ ਅਤੇ ਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਨੇਪਰੇ ਚੜਿਆ ਹੈ। ਉਹਨਾ ਦਾਅਵਾ ਕੀਤਾ ਕਿ ਜੋ ਕੰਮ ਸੱਤਾ ਵਿੱਚ ਹੋਣ ਦੇ ਬਾਵਜੂਦ ਵੱਖ ਵੱਖ ਰਵਾਇਤੀ ਪਾਰਟੀਆਂ ਦੇ ਆਗੂਆਂ ਅਤੇ ਉਹਨਾ ਦੇ ਪ੍ਰਭਾਵ ਵਾਲੀਆਂ ਸੰਸਥਾਵਾਂ/ਜਥੇਬੰਦੀਆਂ ਦੇ ਨੁਮਾਇੰਦੇ ਨਹੀਂ ਕਰ ਸਕੇ, ਉਹ ਲੋਕ ਹੁਣ ਬੇਦਲੀਲੀ ਅਤੇ ਬੇਲੋੜੀ ਬਿਆਨਬਾਜੀ ਨਾਲ ਭੰਬਲਭੂਸਾ ਖੜਾ ਕਰਕੇ ਸੱਚੇ ਬਣਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਸਪੀਕਰ ਸੰਧਵਾਂ ਨੇ ਆਖਿਆ ਕਿ ਹੁਣ ਪਿਛਲੇ ਸਮੇਂ ਵਿੱਚ ਵਾਪਰੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨਾਲ ਨੇੜਤਾ ਰੱਖਣ ਅਤੇ ਉਹਨਾ ਦੀ ਸਰਪ੍ਰਸਤੀ ਕਰਨ ਵਾਲਿਆਂ ਦੇ ਚਿਹਰਿਆਂ ਤੋਂ ਵੀ ਨਕਾਬ ਉੱਤਰ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਕੋਈ ਵੀ ਸਿਰਫਿਰਿਆ ਬੇਅਦਬੀ ਕਰਨਾ ਤਾਂ ਦੂਰ ਬਲਕਿ ਇਸ ਬਾਰੇ ਸੋਚਣ ਤੋਂ ਵੀ ਡਰੇਗਾ, ਕਿਉਂਕਿ ਹੁਣ ਸਖਤ ਕਾਨੂੰਨ ਲਾਗੂ ਹੋ ਚੁੱਕਾ ਹੈ।

ਜਥੇਦਾਰ ਇੰਦਰ ਸਿੰਘ ਨਿਆਮੀਵਾਲਾ ਅਤੇ ਗੁਰਪ੍ਰੀਤ ਸਿੰਘ ਰਾਜਾ ਨੇ ਦੱਸਿਆ ਕਿ ਬਾਬਾ ਕੁਲਵੰਤ ਸਿੰਘ ਵਲੋਂ ਸਨਮਾਨ ਸਮਾਰੋਹ ਦੌਰਾਨ ਸਪੀਕਰ ਸੰਧਵਾਂ ਸਮੇਤ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ, ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਮੈਂਬਰ ਮਲਕੀਤ ਸਿੰਘ ਭੋਲਾ ਖੁਰਮੀ, ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਸਮਾਜਸੇਵੀ ਗੁਰਿੰਦਰ ਸਿੰਘ ਕੋਟਕਪੂਰਾ ਦਾ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *