ਸੁਖਜਿੰਦਰ ਸਹੋਤਾ,
ਬਠਿੰਡਾ 21 ਫਰਵਰੀ 2026:
21 ਫਰਵਰੀ 2024 ਨੂੰ ਖਨੌਰੀ ਬਾਰਡਰ ਉੱਪਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਕੀਤੇ ਸ. ਸੁਭਕਰਨ ਸਿੰਘ ਬੱਲੋਂ ਦਾ ਦੂਜਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ, ਧਾਰਮਿਕ ਉੱਥੇ ਕਿਸਾਨ ਆਗੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਮਨਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਦਿੱਲੀ ਕਿਸਾਨ ਅੰਦੋਲਨ ਅਤੇ ਵੱਖ ਵੱਖ ਸਮੇਂ ਹੋਏ ਅੰਦੋਲਨਾਂ ਅਤੇ ਮੀਟਿੰਗਾਂ ਵਿੱਚ ਡਾ ਸੁਆਮੀ ਨਾਥਨ ਕਮਿਸ਼ਨ ਦੇ C²+50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ, ਐਮਐਸਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ, ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ, 2020 ਬਿਜਲੀ ਸੋਧ ਬਿੱਲ ਨੂੰ ਨਾਂ ਲੈ ਕੇ ਆਉਣਾ, ਖੇਤੀ ਖੇਤਰ ਨੂੰ ਪੋਲਿਊਸ਼ਨ ਐਕਟ ਤੋਂ ਬਾਹਰ ਰੱਖਣਾ ਆਦਿ ਕਿਸਾਨਾਂ, ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਿਖਤ ਵਿੱਚ ਮੰਨਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਹਨਾ ਹੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੇ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਵਾਸਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸ਼ਾਂਤਮਈ ਰਹਿ ਕੇ 2024 ਵਿੱਚ ਦਿੱਲੀ ਨੂੰ ਕੂਚ ਕੀਤਾ ਗਿਆ ਸੀ ਤਾਂ ਆਪਣੇ ਹੀ ਦੇਸ਼ ਦੇ ਬਸਿੰਦਿਆਂ ਉੱਪਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਦਾਖਲ ਹੋ ਕੇ ਅੰਨਾਂ ਅੱਤਿਆਚਾਰ ਕੀਤਾ ਗਿਆ ਅਤੇ 21 ਫਰਵਰੀ 2024 ਨੂੰ ਨੌਜਵਾਨ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਕਿਸਾਨ ਆਗੂਆਂ ਅੱਗੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੰਨਾ ਕਿਸਾਨੀ ਦੀਆਂ ਹੱਕੀ ਮੰਗਾਂ ਲਈ ਸ਼ੁਭਕਰਨ ਸਿੰਘ ਵੱਲੋਂ ਸ਼ਹਾਦਤ ਦਿੱਤੀ ਗਈ ਸੀ ਉਹਨਾ ਕਿਸਾਨੀ ਦੀਆਂ ਹੱਕੀਂ ਮੰਗਾਂ ਨੂੰ ਮੋਦੀ ਸਰਕਾਰ ਵੱਲੋਂ ਆਪਣੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਭਾਰਤ ਵਿੱਚ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਬਜਾਏ ਅਮਰੀਕਾ ਕੋਲ ਭਾਰਤ ਦੇ ਹੱਕਾਂ ਨੂੰ ਗਿਰਵੀ ਰੱਖ ਕੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦਾ ਸੌਦਾ ਕੀਤਾ ਜਾ ਰਿਹਾ ਹੈ।
ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜਿਵੇਂ ਮੁਗਲ ਸ਼ਾਸਕਾਂ ਸਮੇਂ ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਅੰਦਰ ਉਸ ਸਮੇਂ ਸਿਰਫ ਵਪਾਰ ਕਰਨ ਲਈ ਇਜਾਜਤ ਲੈ ਕੇ ਪੂਰੇ ਦੇਸ਼ ਨੂੰ ਗੁਲਾਮ ਕੀਤਾ ਗਿਆ ਸੀ ਅਤੇ ਉਸ ਈਸਟ ਇੰਡੀਆ ਕੰਪਨੀ ਦੀ ਗੁਲਾਮੀ ਤੋ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੱਖਾਂ ਮਰਜੀਵੜਿਆਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ ਅਤੇ ਦੇਸ਼ ਨੂੰ ਉਸ ਸਮੇਂ ਭਾਰਤ ਦੇ ਸ਼ਾਸਕਾਂ ਵੱਲੋਂ ਕੀਤੀ ਗਈ ਦੇਸ਼ ਮਾਰੂ ਸਮਝੋਤੇ ਦੀ ਵੱਡੀ ਕੀਮਤ ਚੁਕਾਉਣੀ ਪਈ ਸੀ ਹੁਣ ਉਸੇ ਰਸਤੇ ਉੱਤੇ ਫਿਰ ਤੋਂ ਭਾਜਪਾ ਦੀ ਸਰਕਾਰ ਵੱਲੋਂ ਦੇਸ਼ ਨੂੰ ਤੋਰਨ ਲਈ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਦੇਸ਼ ਨੂੰ ਗੁਲਾਮ ਬਣਾਉਣ ਵਾਸਤੇ ਕਿਸਾਨ ਮਾਰੂ ਅਤੇ ਦੇਸ਼ ਮਾਰੂ ਸਮਝੌਤੇ ਨੂੰ ਰਾਤ ਦੇ ਹਨੇਰੇ ਵਿੱਚ ਕੀਤਾ ਗਿਆ ਹੈ ਅਤੇ ਉਸ ਦੇਸ਼ ਮਾਰੂ ਸਮਝੌਤੇ ਉੱਪਰ ਪਰਦਾ ਪਾਉਣ ਲਈ ਭਾਜਪਾ ਦੇ ਮੰਤਰੀਆਂ ਅਤੇ ਉਸ ਦੇ ਆਈਟੀ ਸੈਲ ਵੱਲੋਂ ਅਮਰੀਕਾ ਦੀ ਬੋਲੀ ਬੋਲਦੇ ਹੋਏ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਅਤੇ ਉਸ ਦੇਸ਼ ਮਾਰੂ ਫੈਸਲੇ ਨੂੰ ਲਾਗੂ ਹੋਣ ਤੋ ਰੋਕਣ ਲਈ ਕਿਸਾਨਾਂ ਵੱਲੋਂ ਦੇਸ਼ ਵਾਸੀਆਂ ਨੂੰ ਫੇਰ ਤੋਂ ਦੇਸ਼ ਨੂੰ ਗੁਲਾਮ ਹੋਣ ਤੋਂ ਬਚਾਉਣ ਲਈ ਅੰਦੋਲਨ ਲੜਨਾ ਪਵੇਗਾ ਜਿਸ ਸਬੰਧੀ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਕੰਨੀਆਂ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਯਾਤਰਾ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਭਾਜਪਾ ਦੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਵੱਲੋਂ ਗੁਮਰਾਹਕੁੰਨ ਪ੍ਰਚਾਰ ਕਰਦੇ ਹੋਏ ਦੇਸ਼ ਨੂੰ ਗੁਲਾਮ ਬਣਾਉਣ ਵਾਲੀ ਅਤੇ ਦੇਸ਼ ਦੀ ਕਿਸਾਨੀ ਦੀ ਰੀੜ ਦੀ ਹੱਡੀ ਤੋੜਨ ਵਾਲੀ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਸਬੰਧੀ ਗੁਮਰਾਹਕੁੰਨ ਪ੍ਰਚਾਰ ਕਰਦੇ ਹੋਏ ਆਪਣੇ ਆਂਕਾਵਾ ਨੂੰ ਖੁਸ਼ ਕਰਨ ਲਈ ਝੂਠੀ ਬਿਆਨਬਾਜੀ ਕੀਤੀ ਜਾ ਰਹੀ ਹੈ ਅਤੇ ਉਸ ਭਾਰਤ ਅਮਰੀਕਾ ਦਰਮਿਆਨ ਰਾਤ ਦੇ ਹਨੇਰੇ ਵਿੱਚ ਹੋਏ ਸਮਝੌਤੇ ਦੀ ਸੱਚਾਈ ਭਾਰਤ ਅਤੇ ਅਮਰੀਕਾ ਦੇ ਸਾਂਝੇ ਬਿਆਨ ਤੋਂ ਸਾਹਮਣੇ ਆ ਚੁੱਕੀ ਹੈ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਇਤਿਹਾਸ ਵਿੱਚ ਅੱਜ ਤੱਕ ਕਦੇ ਵੀ ਕਿਸੇ ਦੁਸ਼ਮਣ ਦੇਸ਼ ਵੱਲੋਂ ਵੀ ਗੱਲਬਾਤ ਲਈ ਆਏ ਹੋਏ ਵਫਦ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਰੂਸ ਅਤੇ ਯੂਕਰੇਨ ਵਿੱਚ ਪਿੱਛਲੇ ਲੰਮੇ ਸਮੇਂ ਤੋਂ ਜੰਗ ਚੱਲ ਰਹੀ ਹੈ ਪਰ ਉਹਨਾਂ ਦੇਸ਼ਾਂ ਵੱਲੋਂ ਵੀ ਗੱਲਬਾਤ ਲਈ ਆਏ ਹੋਏ ਇੱਕ ਦੂਜੇ ਦੇ ਆਗੂਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪ੍ਰੰਤੂ ਆਜ਼ਾਦ ਭਾਰਤ ਵਿੱਚ 19 ਮਾਰਚ 2025 ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ਉੱਪਰ ਗੱਲਬਾਤ ਲਈ ਆਏ ਹੋਏ ਆਗੂਆਂ ਨੂੰ ਗ੍ਰਿਫਤਾਰ ਕਰਕੇ ਸ਼ਾਂਤਮਈ ਚੱਲ ਰਹੇ ਮੋਰਚਿਆਂ ਉੱਪਰ ਹਮਲਾ ਕਰਕੇ ਕਿਸਾਨਾਂ ਦੇ ਸਮਾਨ ਦੀ ਅੰਨੀ ਲੁੱਟ ਕਸੁੱਟ ਕਰਵਾਈ ਗਈ ਅਤੇ ਮੋਰਚੇ ਵਿੱਚ ਹਾਜ਼ਰ ਕਿਸਾਨਾ ਉੱਪਰ ਅੱਤਿਆਚਾਰ ਕੀਤਾ ਗਿਆ ਸੀ ਜੋ ਕਿ ਲੋਕਤਾਂਤਰਿਕ ਦੇਸ਼ ਦੇ ਮੱਥੇ ਉੱਤੇ ਇੱਕ ਕਲੰਕ ਹੈ, ਇਸ ਲਈ ਪੰਜਾਬ ਸਰਕਾਰ ਕਿਸਾਨਾਂ ਦੇ ਲੁੱਟੇ ਗਏ ਸਮਾਨ ਦੇ ਨੁਕਸਾਨ ਦੀ ਤੁਰੰਤ ਭਰਪਾਈ ਕਰੇ ਅਤੇ ਪੰਜਾਬ ਸਰਕਾਰ ਸ਼ਹੀਦ ਸ਼ੁਭਕਰਨ ਸਿੰਘ ਦੇ ਘਰ ਤੱਕ ਪੱਕੀ ਸੜਕ ਅਤੇ ਸ਼ਹੀਦ ਦੇ ਨਾਮ ਉੱਪਰ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਨ ਦੇ ਵਾਅਦੇ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ।
ਇਸ ਮੌਕੇ: ਕਾਕਾ ਸਿੰਘ ਕੋਟੜਾ,ਸਤਨਾਮ ਸਿੰਘ ਬਹਿਰੂ,ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਗੁਰਦਾਸ ਸਿੰਘ ਹਰਿਆਣਾ, ਬਲਦੇਵ ਸਿੰਘ ਸੰਦੋਹਾ, ਇੰਦਰਜੀਤ ਸਿੰਘ ਘਣੀਆ, ਬਲਦੇਵ ਸਿੰਘ ਵਡਾਲਾ,ਸ਼ਿੰਗਾਰਾ ਸਿੰਘ ਬੀਕੇਯੂ ਲੱਖੋਵਾਲ ਧਾਰਮਿਕ,ਸਮਾਜ ਸੇਵੀ ਅਤੇ ਕਿਸਾਨ ਆਗੂ ਆਦਿ ਹਾਜ਼ਰ ਸਨ।
