3 ਸਾਲਾਂ ਬਾਅਦ ਦਰਸ਼ਕਾਂ ਤੱਕ ਪਹੁੰਚੀ ਦਿਲਜੀਤ ਦੀ ਫਿਲਮ, ‘ਪੰਜਾਬ 95’ ਨਹੀਂ ਸਗੋਂ ‘ਸਤਲੁਜ’ ਨਾਮ ਨਾਲ ਹੋਈ ਰਿਲੀਜ਼
ਇਹ ਫਿਲਮ ਹੁਣ ‘ਪੰਜਾਬ 95’ ਦੀ ਬਜਾਏ ‘ਸਤਲੁਜ’ ਨਾਮ ਨਾਲ OTT ਪਲੇਟਫਾਰਮ ZEE5 ‘ਤੇ ਸਟ੍ਰੀਮ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਇਸ ਨੂੰ ਲੈ ਕੇ ਚਰਚਾ ਛਿੜ ਗਈ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਦਿਲਜੀਤ ਦੋਸਾਂਝ ਦੀ ਬਹੁਚਰਚਿਤ ਫਿਲਮ, ਜਿਸ ਦੀ ਦਰਸ਼ਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ, ਆਖਿਰਕਾਰ ਰਿਲੀਜ਼ ਹੋ ਗਈ ਹੈ। ਕਰੀਬ ਤਿੰਨ ਸਾਲਾਂ ਤੱਕ ਵੱਖ-ਵੱਖ ਕਾਰਨਾਂ ਕਰਕੇ ਅਟਕੀ ਰਹੀ ਇਹ ਫਿਲਮ ਹੁਣ ‘ਪੰਜਾਬ 95’ ਦੀ ਬਜਾਏ ‘ਸਤਲੁਜ’ ਨਾਮ ਨਾਲ OTT ਪਲੇਟਫਾਰਮ ZEE5 ‘ਤੇ ਸਟ੍ਰੀਮ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਇਸ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਇਹ ਫਿਲਮ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ‘ਤੇ ਆਧਾਰਿਤ ਹੈ। ਫਿਲਮ ਪਹਿਲਾਂ ਹੀ ਰਿਲੀਜ਼ ਹੋਣੀ ਸੀ, ਪਰ ਸੈਂਸਰ ਨਾਲ ਜੁੜੇ ਵਿਵਾਦਾਂ ਕਾਰਨ ਇਸ ਦੀ ਰਿਲੀਜ਼ ਵਾਰ-ਵਾਰ ਟਲਦੀ ਰਹੀ।
ਨਾਮ ਕਿਉਂ ਬਦਲਿਆ ਗਿਆ?
ਫਿਲਮ ਨੂੰ ਜਦੋਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਕੋਲ ਸਰਟੀਫਿਕੇਸ਼ਨ ਲਈ ਭੇਜਿਆ ਗਿਆ ਤਾਂ ਬੋਰਡ ਨੇ ਫਿਲਮ ਵਿੱਚ ਕਰੀਬ 120 ਸੋਧਾਂ (ਕੱਟਾਂ) ਦੀ ਮੰਗ ਕੀਤੀ। ਇਸ ਦੇ ਨਾਲ ਹੀ ਫਿਲਮ ਦੇ ਸਿਰਲੇਖ ‘ਪੰਜਾਬ 95’ ‘ਤੇ ਵੀ ਇਤਰਾਜ਼ ਜਤਾਇਆ ਗਿਆ। ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਇਸ ਮਾਮਲੇ ਵਿੱਚ ਦਖਲ ਦਿੱਤਾ, ਜਿਸ ਨਾਲ ਕੁਝ ਕਟੌਤੀਆਂ ਦੇ ਮਾਮਲੇ ਵਿੱਚ ਰਾਹਤ ਮਿਲੀ, ਪਰ ਫਿਲਮ ਦਾ ਨਾਮ ਬਦਲਣ ਦੀ ਸ਼ਰਤ ਕਾਇਮ ਰਹੀ। ਇਸੇ ਕਾਰਨ ਫਿਲਮ ਨੂੰ ਆਖਿਰਕਾਰ ‘ਸਤਲੁਜ’ ਨਾਮ ਨਾਲ ਰਿਲੀਜ਼ ਕੀਤਾ ਗਿਆ।
ਦਿਲਚਸਪ ਗੱਲ ਇਹ ਹੈ ਕਿ ਸਾਲ 2022 ਵਿੱਚ ਫਿਲਮ ਦਾ ਟ੍ਰੇਲਰ ਯੂਟਿਊਬ ‘ਤੇ ਜਾਰੀ ਕੀਤਾ ਗਿਆ ਸੀ, ਪਰ ਇੱਕ ਦਿਨ ਦੇ ਅੰਦਰ ਹੀ ਇਸ ਨੂੰ ਹਟਾ ਦਿੱਤਾ ਗਿਆ ਸੀ।
ਇਹ ਕਲਾਕਾਰ ਆ ਰਹੇ ਹਨ ਨਜ਼ਰ
ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਗੀਤਿਕਾ ਵਿਦਿਆ ਓਹਲਿਆਨ, ਸੁਵਿੰਦਰ ਵਿੱਕੀ, ਕੰਵਰਜੀਤ ਸਿੰਘ ਅਤੇ ਵਰੁਣ ਬਡੋਲਾ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ। 3 ਜੁਲਾਈ ਤੋਂ ZEE5 ‘ਤੇ ਸਟ੍ਰੀਮ ਹੋ ਰਹੀ ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
