ਪੰਜਾਬੀ ਫਿਲਮ ‘ਚੜ੍ਹਦੀਕਲਾ’ ਦੀ ਰਿਲੀਜ਼ ‘ਤੇ ਹਾਈਕੋਰਟ ਦਾ ਦਖ਼ਲ, CBFC ਨੂੰ ਦੋ ਹਫ਼ਤਿਆਂ ਵਿੱਚ ਫ਼ੈਸਲਾ ਕਰਨ ਦੇ ਹੁਕਮ
ਫਿਲਮ ਵਿੱਚ ਐਮੀ ਵਿਰਕ ਅਤੇ ਰੂਪੀ ਗਿੱਲ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਜਾਣਕਾਰੀ ਮੁਤਾਬਕ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇੱਕ ਸੰਵੇਦਨਸ਼ੀਲ ਵਿਸ਼ੇ ‘ਤੇ ਆਧਾਰਿਤ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬੀ ਫਿਲਮ ‘ਚੜ੍ਹਦੀਕਲਾ’ ਦੀ ਭਾਰਤ ਵਿੱਚ ਰਿਲੀਜ਼ ਵਿੱਚ ਹੋ ਰਹੀ ਦੇਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਨਿਰਦੇਸ਼ ਦਿੱਤਾ ਹੈ ਕਿ ਸੱਤ ਦਿਨਾਂ ਦੇ ਅੰਦਰ ਰਿਵਾਈਜ਼ਿੰਗ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਅਗਲੇ ਸੱਤ ਦਿਨਾਂ ਵਿੱਚ ਫਿਲਮ ਦੇ ਸਰਟੀਫਿਕੇਸ਼ਨ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇ।
ਇਹ ਮਾਮਲਾ ਫਿਲਮ ਨਿਰਮਾਤਾ ਕੰਪਨੀ MAD4FILMS ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਹਾਈਕੋਰਟ ਦੇ ਸਾਹਮਣੇ ਪਹੁੰਚਿਆ। ਪਟੀਸ਼ਨ ਵਿੱਚ ਕਿਹਾ ਗਿਆ ਕਿ ਫਿਲਮ 29 ਮਈ 2026 ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋ ਚੁੱਕੀ ਹੈ, ਪਰ ਭਾਰਤ ਵਿੱਚ CBFC ਤੋਂ ਮਨਜ਼ੂਰੀ ਨਾ ਮਿਲਣ ਕਾਰਨ ਅਜੇ ਤੱਕ ਇਸ ਦੀ ਰਿਲੀਜ਼ ਸੰਭਵ ਨਹੀਂ ਹੋ ਸਕੀ।
CBFC ਨੇ ਫਿਲਮ ਦੀ ਸਮੱਗਰੀ ਨੂੰ ਲੈ ਕੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਇਸ ਨਾਲ ਪੰਜਾਬ ਦੀ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਫਿਲਮ ਨੂੰ ਰਿਵਾਈਜ਼ਿੰਗ ਕਮੇਟੀ ਕੋਲ ਭੇਜਿਆ ਗਿਆ ਸੀ, ਪਰ ਕਮੇਟੀ ਦੀ ਮੀਟਿੰਗ ਨਾ ਹੋਣ ਕਾਰਨ ਮਾਮਲਾ ਲੰਬਿਤ ਰਿਹਾ ਅਤੇ ਫਿਲਮ ਦੀ ਰਿਲੀਜ਼ ਵਿੱਚ ਦੇਰੀ ਹੋਈ।
ਫਿਲਮ ਵਿੱਚ ਐਮੀ ਵਿਰਕ ਅਤੇ ਰੂਪੀ ਗਿੱਲ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਜਾਣਕਾਰੀ ਮੁਤਾਬਕ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇੱਕ ਸੰਵੇਦਨਸ਼ੀਲ ਵਿਸ਼ੇ ‘ਤੇ ਆਧਾਰਿਤ ਹੈ।
ਫਿਲਮ ਨਿਰਮਾਤਾਵਾਂ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ CBFC ਨੂੰ ਜਲਦ ਸਰਟੀਫਿਕੇਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਫਿਲਮ ਨੂੰ ਭਾਰਤ ਵਿੱਚ ਵੀ ਰਿਲੀਜ਼ ਕੀਤਾ ਜਾ ਸਕੇ।
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 14 ਦਿਨਾਂ ਦੇ ਅੰਦਰ ਫਿਲਮ ਦੇ ਸਰਟੀਫਿਕੇਸ਼ਨ ਅਤੇ ਭਾਰਤ ਵਿੱਚ ਰਿਲੀਜ਼ ਨੂੰ ਲੈ ਕੇ ਅੰਤਿਮ ਫ਼ੈਸਲਾ ਸਾਹਮਣੇ ਆ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
