ਸਕੂਲ ਗਈਆਂ ਦੋ ਸਕੀਆਂ ਭੈਣਾਂ ਸਮੇਤ 4 ਨਾਬਾਲਿਗ ਲਾਪਤਾ, ਇਲਾਕੇ ‘ਚ ਫੈਲੀ ਦਹਿਸ਼ਤ

ਸਕੂਲ ਗਈਆਂ ਦੋ ਸਕੀਆਂ ਭੈਣਾਂ ਸਮੇਤ 4 ਨਾਬਾਲਿਗ ਲਾਪਤਾ, ਇਲਾਕੇ ‘ਚ ਫੈਲੀ ਦਹਿਸ਼ਤ

ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੱਚਿਆਂ ਨੂੰ ਨਿੱਜੀ ਮਕਸਦ ਲਈ ਅਗਵਾ ਕੀਤਾ ਗਿਆ ਹੋ ਸਕਦਾ ਹੈ ਜਾਂ ਉਨ੍ਹਾਂ ਨੂੰ ਕਿਤੇ ਬੰਧਕ ਬਣਾ ਕੇ ਰੱਖਿਆ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ।

ਲੁਧਿਆਣਾ

ਬਿਊਰੋ ਰਿਪੋਰਟ

ਉਦਯੋਗਿਕ ਸ਼ਹਿਰ ਦੇ ਖਾਸੀ ਕਲਾਂ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕੋ ਕਾਲੋਨੀ ਨਾਲ ਸੰਬੰਧਿਤ ਚਾਰ ਨਾਬਾਲਿਗ ਬੱਚੇ ਅਚਾਨਕ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਏ। ਲਾਪਤਾ ਬੱਚਿਆਂ ਵਿੱਚ ਦੋ ਸਕੀਆਂ ਭੈਣਾਂ ਵੀ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੱਚਿਆਂ ਨੂੰ ਨਿੱਜੀ ਮਕਸਦ ਲਈ ਅਗਵਾ ਕੀਤਾ ਗਿਆ ਹੋ ਸਕਦਾ ਹੈ ਜਾਂ ਉਨ੍ਹਾਂ ਨੂੰ ਕਿਤੇ ਬੰਧਕ ਬਣਾ ਕੇ ਰੱਖਿਆ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਮਨੀਸ਼ਾ (13) ਅਤੇ ਉਸ ਦੀ ਵੱਡੀ ਭੈਣ ਨੇਹਾ (15) 29 ਅਪ੍ਰੈਲ ਦੀ ਸਵੇਰ ਘਰ ਤੋਂ ਸਰਕਾਰੀ ਸਕੂਲ ਖਾਸੀ ਕਲਾਂ ਵੱਲ ਪੜ੍ਹਨ ਲਈ ਨਿਕਲੀਆਂ ਸਨ। ਪਰ ਜਦੋਂ ਸ਼ਾਮ ਤੱਕ ਉਹ ਘਰ ਵਾਪਸ ਨਾ ਆਈਆਂ ਤਾਂ ਪਰਿਵਾਰਕ ਮੈਂਬਰਾਂ ਦੀ ਚਿੰਤਾ ਕਾਫੀ ਵੱਧ ਗਈ। ਬਾਅਦ ਵਿੱਚ ਪਤਾ ਲੱਗਾ ਕਿ ਉਹ ਉਸ ਦਿਨ ਸਕੂਲ ਪਹੁੰਚੀਆਂ ਹੀ ਨਹੀਂ ਸਨ, ਜਿਸ ਨਾਲ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਬਣ ਗਿਆ ਜਦੋਂ ਸਾਹਮਣੇ ਆਇਆ ਕਿ ਉਸੇ ਕਾਲੋਨੀ ਵਿੱਚ ਰਹਿਣ ਵਾਲੀ ਸੁਹਾਨੀ (14) ਅਤੇ 10 ਸਾਲਾ ਸੋਹਿਲ ਵੀ ਉਸੇ ਸਮੇਂ ਤੋਂ ਲਾਪਤਾ ਹਨ। ਇੱਕੋ ਵਾਰ ਚਾਰ ਬੱਚਿਆਂ ਦੇ ਗਾਇਬ ਹੋਣ ਦੀ ਖ਼ਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ‘ਤੇ ਹਰ ਸੰਭਵ ਥਾਂ—ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਕੋਲ—ਤਲਾਸ਼ ਕੀਤੀ, ਪਰ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ। ਆਖਿਰਕਾਰ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ।

ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ੱਕ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚਿਆਂ ਨੂੰ ਫੁਸਲਾ ਕੇ ਜਾਂ ਡਰਾ-ਧਮਕਾ ਕੇ ਆਪਣੀ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਲਿਆ ਹੋ ਸਕਦਾ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕੋ ਸਮੇਂ ਚਾਰ ਬੱਚਿਆਂ ਦਾ ਇਸ ਤਰ੍ਹਾਂ ਰਹੱਸਮਈ ਢੰਗ ਨਾਲ ਲਾਪਤਾ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ, ਜਦਕਿ ਮਾਸੂਮਾਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Leave a Reply

Your email address will not be published. Required fields are marked *