ਬੇਅਦਬੀ ਵਿਰੁੱਧ ਕਾਨੂੰਨ ਬਣਨ ‘ਤੇ ਸੰਤ ਸੀਚੇਵਾਲ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ

ਬੇਅਦਬੀ ਵਿਰੁੱਧ ਕਾਨੂੰਨ ਬਣਨ ‘ਤੇ ਸੰਤ ਸੀਚੇਵਾਲ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ

ਸਮਾਣਾ ਟਾਵਰ ਮੋਰਚੇ ਦੇ ਆਗੂ ਗੁਰਜੀਤ ਸਿੰਘ ਖ਼ਾਲਸਾ ਸਮੇਤ ਸਮੁੱਚੀ ਸੰਗਤ ਦੇ ਸੰਘਰਸ਼ ਨੂੰ ਕੀਤਾ ਪ੍ਰਣਾਮ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀ ਵਧਾਈ, ਨਵੇਂ ਕਾਨੂੰਨ ਅਨੁਸਾਰ ਉਮਰ ਭਰ ਲਈ ਹੋਵੇਗੀ ਕੈਦ, ਪਾਰਲੀਮੈਂਟ ਦੇ ਬਜਟ ਸੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਕੀਤੀ ਸੀ ਮੰਗ

ਜਲੰਧਰ/ਸੁਲਤਾਨਪੁਰ ਲੋਧੀ-

ਬਿਊਰੋ ਰਿਪੋਰਟ

ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026 ਨੂੰ ਸੂਬੇ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਵਾਨਗੀ ਦੇਣ ‘ਤੇ ਰਾਜ ਸਭਾ ਮੈਂਬਰ ਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ 13 ਅਪ੍ਰੈਲ 2026 ਨੂੰ ਪੰਜਾਬ ਦੀ ਵਿਧਾਨ ਸਭਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਜਿਹੜਾ ਸੋਧ ਬਿੱਲ ਪਾਸ ਕੀਤਾ ਸੀ, ਉਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਦਸਤਖ਼ਤ ਕੀਤੇ ਜਾਣ ਨਾਲ ਇਸ ਬਿੱਲ ਨੇ ਹੁਣ ਕਾਨੂੰਨ ਦਾ ਰੂਪ ਲੈ ਲਿਆ ਹੈ। ਇਸ ਨਾਲ ਬੇਅਦਬੀ ਕਰਨ ਵਾਲੇ ਨੂੰ ਉਮਰਕੈਦ ਅਤੇ 25 ਲੱਖ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ। ਯਾਦ ਰਹੇ ਕਿ ਪਾਰਲੀਮੈਂਟ ਦੇ ਬਜਟ ਸੈਸ਼ਨ ਦੌਰਾਨ ਸੰਤ ਸੀਚੇਵਾਲ ਵੱਲੋਂ ਸਪੈਸ਼ਲ ਮੈਨਸ਼ਨ ਰਾਹੀਂ ਕੇਂਦਰ ਸਰਕਾਰ ਕੋਲੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਐਮ.ਪੀ ਵੱਲੋਂ ਬੇਅਬਦੀਆਂ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਸੀ।

ਸੰਤ ਸੀਚੇਵਾਲ ਨੇ ਇਸ ਬਿੱਲ ਤੇ ਰਾਜਪਾਲ ਪੰਜਾਬ ਦੀ ਮੋਹਰ ਲੱਗਣ ‘ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਸੰਤ ਸੀਚੇਵਾਲ ਨੇ ਕਿਹਾ ਕਿ ਬਰਗਾੜੀ ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਸਾਲ 2015 ਵਿੱਚ ਵਾਪਰੀਆਂ ਘਟਨਾਵਾਂ ਨਾਸੂਰ ਬਣ ਗਈਆਂ ਹਨ। ਬੇਅਦਬੀ ਦੀਆਂ ਘਟਨਾਵਾਂ ਨੇ ਸਮੁੱਚੇ ਪੰਥ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ 11 ਸਾਲ ਬੀਤ ਜਾਣ ‘ਤੇ ਵੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦੇ ਮਨ ਵਿੱਚ ਕਾਨੂੰਨ ਦਾ ਡਰ ਨਹੀਂ ਸੀ। ਨਕੋਦਰ ਬੇਅਦਬੀ ਕਾਂਡ ਦੇ ਪੀੜਤ ਮਾਪੇ ਵੀ 40 ਸਾਲਾਂ ਤੋਂ ਇਨਸਾਫ਼ ਦੀ ਉਡੀਕ ਵਿੱਚ ਹਨ।

ਸੰਤ ਸੀਚੇਵਾਲ ਨੇ ਸਮਾਣਾ ਵਿੱਚ ਟਾਵਰ ਮੋਰਚਾ ਲਗਾਉਣ ਵਾਲੇ ਗੁਰਜੀਤ ਸਿੰਘ ਖਾਲਸਾ ਵੱਲੋਂ ਕੀਤੇ ਗਏ ਸੰਘਰਸ਼ ਨੂੰ ਵੀ ਪ੍ਰਣਾਮ ਕਰਦਿਆ ਸੰਘਰਸ਼ ਵਿੱਚ ਸ਼ਾਮਿਲ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਸੱਚਾਸੁੱਚਾ ਗੁਰਸਿੱਖ ਹੀ ਅਜਿਹਾ ਸੰਘਰਸ਼ ਕਰ ਸਕਦਾ ਹੈ। ਇਸ ਨਾਲ ਸਰਕਾਰ ‘ਤੇ ਵੀ ਦਬਾਅ ਬਣਿਆ ਕਿਉਂਕਿ ਉਸਦਾ ਇਰਾਦਾ ਬੜਾ ਨੇਕ ਤੇ ਸਪਸ਼ਟ ਸੀ। ਜ਼ਿਕਰਯੋਗ ਹੈ ਕਿ 400 ਫੁੱਟ ਉਚੇ ਟਾਵਰ ‘ਤੇ ਗੁਰਜੀਤ ਸਿੰਘ ਖਾਲਸਾ ਨੇ ਡੇਢ ਸਾਲ ਤੋਂ ਧਰਨਾ ਲਾਇਆ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੌਰਾਨ ਫੜੇ ਜਾਣ ਵਾਲੇ ਕਥਿਤ ਦੋਸ਼ੀਆਂ ਨੂੰ ਮਾਨਸਿਕ ਰੋਗੀ ਦੱਸ ਕੇ ਉਨ੍ਹਾਂ ਦਾ ਬਚਾਅ ਕੀਤਾ ਜਾਂਦਾ ਸੀ। ਹੁਣ ਅਜਿਹੇ ਮੁਲਜ਼ਮਾਂ ਦੀ ਜਾਂਚ ਲਈ ਮਨੋਵਿਗਿਆਨਕ ਡਾਕਟਰਾਂ ਦਾ ਇੱਕ ਵਿਸ਼ੇਸ਼ ਬੋਰਡ ਬਣਾਇਆ ਜਾਵੇਗਾ। ਜੋ ਇਹ ਤੈਅ ਕਰੇਗਾ ਕਿ ਉਕਤ ਮੁਲਜ਼ਮ ਆਪਣੇ ਕੀਤੇ ਨਤੀਜੇ ਬਾਰੇ ਜਾਣਦਾ ਸੀ ਜਾਂ ਫਿਰ ਉਸ ਨੂੰ ਅਜਿਹਾ ਕਰਨ ਲਈ ਕਿਸੇ ਨੇ ਉਕਸਾਇਆ ਤਾਂ ਨਹੀਂ ਸੀ।

ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਜਦੋਂ ਇਹ ਬਿੱਲ ਨੂੰ ਪਾਸ ਕੀਤਾ ਜਾ ਰਿਹਾ ਸੀ ਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਧਾਰਮਿਕ ਆਗੂਆਂ ਦੇ ਨਾਲ ਪੰਜਾਬ ਵਿਧਾਨ ਸਭਾ ਦੀ ਰਾਜਪਾਲ ਗੈਲਰੀ ਵਿੱਚ ਬੈਠਕੇ ਇਸ ਇਤਿਹਾਸਕ ਪਲਾਂ ਦੇ ਚਸ਼ਮਦੀਦ ਗਵਾਹ ਬਣੇ ਸਨ।

 

ਬੇਅਦਬੀ ਹੋਣ ਦੀ ਸੂਰਤ ਵਿੱਚ ਕੋਈ ਵੀ ਅਣਅਧਿਕਾਰਤ ਵਿਅਕਤੀ “ਅੰਗਾਂ” ਨੂੰ ਹੱਥ ਤੱਕ ਨਹੀਂ ਲਾ ਸਕੇਗਾ। ਸਬੂਤ ਇੱਕਠੇ ਕਰਨ ਤੋਂ ਪਹਿਲਾਂ ਉੱਚ ਗੁਣਵੱਤਾ ਵਾਲੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਕਰਨੀ ਵੀ ਲਾਜ਼ਮੀ ਹੋਵੇਗੀ। ਇੰਟਰਨੈੱਟ ਰਾਹੀਂ ਹੋਣ ਵਾਲੀ ਬੇਅਦਬੀ ਲਈ ਵੀ ਜਾਂਚ ਵਿੱਚ ਇੱਕ ਵੱਖਰਾ ਹਿੱਸਾ ਜੋੜਿਆ ਗਿਆ ਹੈ। ਤਸਵੀਰਾਂ ਨਾਲ ਛੇੜਛਾੜ, ਨਕਲੀ ਪਰ ਅਸਲੀ ਲੱਗਣ ਵਾਲੀਆਂ ਵੀਡੀਓਜ਼ (ਡੀਪਫੇਕ), ਮੀਮਜ਼ ਰਾਹੀਂ ਕੀਤੀ ਗਈ ਬੇਅਦਬੀ ਅਤੇ ਵਟ੍ਹਸਐਪ, ਟੈਲੀਗ੍ਰਾਮ ਜਾਂ ਇੰਸਟਾਗ੍ਰਾਮ ‘ਤੇ ਪਾਈ ਗਈ ਸਮੱਗਰੀ ਨੂੰ ਹੁਣ ਬਹੁਤ ਹੀ ਗੰਭੀਰ ਅਪਰਾਧ ਮੰਨਿਆ ਜਾਵੇਗਾ।

Leave a Reply

Your email address will not be published. Required fields are marked *