ਪੰਜਾਬ ਸਰਕਾਰ ਦੀ ਲੈਕਚਰਾਰ ਭਰਤੀ ਘਿਰੀ ਵਿਵਾਦਾਂ ‘ਚ, SC ਕੋਟੇ ਲਈ ਅਸਾਮੀਆਂ ਨਾ ਹੋਣ ‘ਤੇ ਉੱਠੇ ਇਤਰਾਜ਼
ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਰਮੀਪੁਰੀ ਨੇ ਵੀ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਸ ਭਰਤੀ ਰਾਹੀਂ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਰਵੱਈਆ ਸਾਹਮਣੇ ਆ ਗਿਆ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਲੈਕਚਰਾਰ ਭਰਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਲਈ ਜਾਰੀ ਭਰਤੀ ਵਿੱਚ ਅਨੁਸੂਚਿਤ ਜਾਤੀ (SC) ਵਰਗ ਲਈ ਕੋਈ ਵੀ ਰਾਖਵੀਂ ਅਸਾਮੀ ਨਾ ਰੱਖੇ ਜਾਣ ਦੇ ਦੋਸ਼ ਲੱਗ ਰਹੇ ਹਨ। ਇਲਜ਼ਾਮ ਹੈ ਕਿ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ ਵਿੱਚ SC ਵਰਗ ਦੇ ਸਾਹਮਣੇ ਕੋਈ ਵੀ ਵੈਕੇਂਸੀ ਨਹੀਂ ਦਰਸਾਈ ਗਈ।
ਇਸ ਮਾਮਲੇ ਨੂੰ ਲੈ ਕੇ SC ਭਾਈਚਾਰੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਰਮੀਪੁਰੀ ਨੇ ਵੀ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਸ ਭਰਤੀ ਰਾਹੀਂ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਰਵੱਈਆ ਸਾਹਮਣੇ ਆ ਗਿਆ ਹੈ।
ਇਨ੍ਹਾਂ ਵਿਸ਼ਿਆਂ ਲਈ ਜਾਰੀ ਹੋਈ ਹੈ ਭਰਤੀ
ਪੰਜਾਬ ਸਰਕਾਰ ਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਕਾਮਰਸ, ਇਕਨਾਮਿਕਸ, ਅੰਗਰੇਜ਼ੀ, ਭੂਗੋਲ, ਹਿੰਦੀ, ਇਤਿਹਾਸ, ਗਣਿਤ, ਪੋਲੀਟੀਕਲ ਸਾਇੰਸ ਅਤੇ ਪੰਜਾਬੀ ਵਿਸ਼ਿਆਂ ਲਈ ਲੈਕਚਰਾਰ ਦੀਆਂ ਅਸਾਮੀਆਂ ਕੱਢੀਆਂ ਹਨ।
ਸੋਧ ਨਾ ਹੋਈ ਤਾਂ ਸੰਘਰਸ਼ ਦੀ ਚਿਤਾਵਨੀ
ਇਨ੍ਹਾਂ ਸਾਰੇ ਵਿਸ਼ਿਆਂ ਵਿੱਚ SC ਵਰਗ ਲਈ ਅਸਾਮੀਆਂ ਨਾ ਰੱਖੇ ਜਾਣ ਕਾਰਨ ਵਾਲਮੀਕੀ ਅਤੇ ਦਲਿਤ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਡਾ. ਬੀ.ਆਰ. ਅੰਬੇਡਕਰ ਦਲਿਤ ਸੈਨਾ ਪੰਜਾਬ ਦੇ ਮੁੱਖ ਸਰਪ੍ਰਸਤ ਗਗਨਦੀਪ ਢਿੱਲੋਂ ਅਤੇ ਐਸਸੀ ਕਮਿਸ਼ਨ (ਹਿਊਮਨ ਰਾਈਟਸ ਐਂਡ ਜਸਟਿਸ ਵੈਲਫੇਅਰ ਐਸੋਸੀਏਸ਼ਨ) ਦੇ ਨੈਸ਼ਨਲ ਚੇਅਰਪਰਸਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਭਰਤੀ ਇਸ਼ਤਿਹਾਰ ਵਿੱਚ ਸੋਧ ਕਰਕੇ SC ਵਰਗ ਨੂੰ ਬਣਦਾ ਰਾਖਵਾਂ ਹੱਕ ਨਾ ਦਿੱਤਾ ਗਿਆ ਤਾਂ ਇਸ ਦੇ ਵਿਰੋਧ ਵਿੱਚ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
