ਪੰਜਾਬ ਵਿੱਚ ‘ਮੇਰੀ ਰਸੋਈ’ ਯੋਜਨਾ ਲਾਗੂ, 40 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ

ਪੰਜਾਬ ਵਿੱਚ ‘ਮੇਰੀ ਰਸੋਈ’ ਯੋਜਨਾ ਲਾਗੂ, 40 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ

ਇਸ ਸਕੀਮ ਅਧੀਨ ਲੋਕਾਂ ਨੂੰ ਪ੍ਰੋਟੀਨ ਭਰਪੂਰ ਖੁਰਾਕ ਮੁਹੱਈਆ ਕਰਵਾਈ ਜਾਵੇਗੀ। ਸੀਐਮ ਮਾਨ ਨੇ ਦੱਸਿਆ ਕਿ ਹਰ ਸਾਲ ਚਾਰ ਵਾਰ ਫੂਡ ਕਿੱਟਾਂ ਵੰਡੀਆਂ ਜਾਣਗੀਆਂ।

ਸੰਗਰੂਰ

ਬਿਊਰੋ ਰਿਪੋਰਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ‘ਮੇਰੀ ਰਸੋਈ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਕੀਮ ਰਾਹੀਂ ਲਗਭਗ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਸੀਐਮ ਮਾਨ ਨੇ ਸੰਗਰੂਰ ਦੇ ਪਿੰਡ ਭਲਵਾਨ ਤੋਂ ਇਸ ਯੋਜਨਾ ਦਾ ਆਗਾਜ਼ ਕੀਤਾ। ਯੋਜਨਾ ਦੀ ਸ਼ੁਰੂਆਤ ਫੂਡ ਕਿੱਟਾਂ ਵੰਡ ਕੇ ਕੀਤੀ ਗਈ। ਇਸ ਸਕੀਮ ਅਧੀਨ ਲੋਕਾਂ ਨੂੰ ਪ੍ਰੋਟੀਨ ਭਰਪੂਰ ਖੁਰਾਕ ਮੁਹੱਈਆ ਕਰਵਾਈ ਜਾਵੇਗੀ। ਸੀਐਮ ਮਾਨ ਨੇ ਦੱਸਿਆ ਕਿ ਹਰ ਸਾਲ ਚਾਰ ਵਾਰ ਫੂਡ ਕਿੱਟਾਂ ਵੰਡੀਆਂ ਜਾਣਗੀਆਂ।

ਇਸੇ ਦੌਰਾਨ ਈਡੀ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਈ ਕਾਰੋਬਾਰੀਆਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਈਡੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕਈ ਟਿਕਾਣਿਆਂ ‘ਤੇ ਰੇਡ ਕੀਤੀ। ਪਿਛਲੇ 20 ਦਿਨਾਂ ਵਿੱਚ ਇਹ ਸੰਜੀਵ ਅਰੋੜਾ ‘ਤੇ ਦੂਜੀ ਛਾਪੇਮਾਰੀ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 9 ਮਈ ਨੂੰ ਸੰਗਰੂਰ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਈਡੀ ਦੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ।

ਬੇਅਦਬੀ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ

ਇਸ ਮੌਕੇ ਮਾਨ ਨੇ ਬੇਅਦਬੀ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਕਰਾਰਾ ਸੁਨੇਹਾ ਦਿੱਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬੇਅਦਬੀ ਕਾਨੂੰਨ ਕਿਸੇ ਵੀ ਕੀਮਤ ‘ਤੇ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਬੰਬ ਧਮਾਕੇ, ਗੋਲੀਆਂ ਅਤੇ ਬੇਅਦਬੀ ਵਰਗੀਆਂ ਘਟਨਾਵਾਂ ਕਰਵਾ ਕੇ ਭਾਜਪਾ ਮਾਹੌਲ ਖਰਾਬ ਕਰਕੇ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

“ਪੰਜਾਬ ਹੀ ਰੋਕੇਗਾ ਮੋਦੀ ਦਾ ਵਿਜੇ ਰੱਥ”

ਸੀਐਮ ਮਾਨ ਨੇ ਕਿਹਾ ਕਿ ਭਾਜਪਾ ਜਿੱਥੇ ਵੀ ਜਾਂਦੀ ਹੈ, ਉੱਥੇ ਪਹਿਲਾਂ ਦੰਗੇ ਕਰਵਾਉਂਦੀ ਹੈ, ਅੱਗ ਲਗਾਉਂਦੀ ਹੈ ਅਤੇ ਗੋਲੀਆਂ ਚਲਵਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅੱਗ ਲਗਾਉਣ ਵਾਲੀ ਪਾਰਟੀ ਬਣ ਗਈ ਹੈ। ਮਾਨ ਨੇ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ, ਮੋਦੀ ਦੇ ਵਿਜੇ ਰੱਥ ਨੂੰ ਰੋਕ ਦੇਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇਹ ਰੱਥ ਰੁਕੇਗਾ ਤਾਂ ਇਸਦੇ ਪਹੀਏ ਵੀ ਟੁੱਟ ਜਾਣਗੇ ਅਤੇ ਇਹ ਗਿਣਤੀ ਵਿੱਚ ਨਹੀਂ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਕੀ ਖਾਂਦੇ ਹਨ ਅਤੇ ਕੀ ਪੀਂਦੇ ਹਨ, ਇਸ ਮੁੱਦੇ ‘ਤੇ ਵੀ ਹੁਣ ਸਿਆਸਤ ਕੀਤੀ ਜਾ ਰਹੀ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *