ਪੰਜਾਬ ‘ਚ 2 ਦਿਨਾਂ ਲਈ ਯੈਲੋ ਅਲਰਟ ਜਾਰੀ: ਗਰਜ-ਤੂਫ਼ਾਨ ਨਾਲ ਧੂੜ ਭਰੀਆਂ ਹਨੇਰੀਆਂ ਦੀ ਸੰਭਾਵਨਾ
ਸੋਮਵਾਰ ਨੂੰ ਭਾਵੇਂ ਕਈ ਜ਼ਿਲ੍ਹਿਆਂ ਵਿੱਚ ਧੁੱਪ ਰਹੀ, ਪਰ ਦਿਨ ਦੌਰਾਨ ਵੀ ਕਈ ਥਾਵਾਂ ‘ਤੇ ਧੂੜ ਭਰੀਆਂ ਹਨੇਰੀਆਂ ਵੇਖਣ ਨੂੰ ਮਿਲੀਆਂ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਅਤੇ ਬੁੱਧਵਾਰ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਲਕੀ ਬਾਰਿਸ਼ ਦੇ ਨਾਲ ਗਰਜ-ਤੂਫ਼ਾਨ ਅਤੇ ਧੂੜ ਨਾਲ ਭਰੀਆਂ ਤੇਜ਼ ਹਨੇਰੀਆਂ ਚੱਲਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਭਾਵੇਂ ਕਈ ਜ਼ਿਲ੍ਹਿਆਂ ਵਿੱਚ ਧੁੱਪ ਰਹੀ, ਪਰ ਦਿਨ ਦੌਰਾਨ ਵੀ ਕਈ ਥਾਵਾਂ ‘ਤੇ ਧੂੜ ਭਰੀਆਂ ਹਨੇਰੀਆਂ ਵੇਖਣ ਨੂੰ ਮਿਲੀਆਂ।
ਮੌਸਮ ਵਿਭਾਗ ਮੁਤਾਬਿਕ ਚੰਡੀਗੜ੍ਹ ਸਥਿਤ ਮੌਸਮ ਕੇਂਦਰ ਨੇ ਜਾਣਕਾਰੀ ਦਿੱਤੀ ਹੈ ਕਿ 5 ਅਤੇ 6 ਮਈ ਨੂੰ ਇਹ ਯੈਲੋ ਅਲਰਟ ਲਾਗੂ ਰਹੇਗਾ। ਇਸ ਸਮੇਂ ਦੌਰਾਨ ਰਾਜ ਦੇ ਕਈ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਧੂੜ ਭਰੀਆਂ ਹਨੇਰੀਆਂ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਕੁਝ ਖੇਤਰਾਂ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
ਜੇਕਰ ਸੋਮਵਾਰ ਦੇ ਤਾਪਮਾਨ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਬਠਿੰਡਾ ਵਿੱਚ ਸਭ ਤੋਂ ਵੱਧ 36.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਬਾਅਦ ਫਰੀਦਕੋਟ ਵਿੱਚ 36.3 ਡਿਗਰੀ, ਰੂਪਨਗਰ ਵਿੱਚ 33.2 ਡਿਗਰੀ, ਫਿਰੋਜ਼ਪੁਰ ਵਿੱਚ 32.9 ਡਿਗਰੀ, ਰੋਪੜ ਵਿੱਚ 32.2 ਡਿਗਰੀ, ਪਟਿਆਲਾ ਵਿੱਚ 32 ਡਿਗਰੀ ਅਤੇ ਲੁਧਿਆਣਾ ਵਿੱਚ 31.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
