ਪੰਜਾਬ ‘ਚ ਮਈ ਦੌਰਾਨ ਖ਼ਤਮ ਹੋਵੇਗਾ ਬਿਜਲੀ ਸੰਕਟ, 10 ਮਈ ਤੱਕ ਸਾਰੇ ਹਾਈਡਲ ਪਲਾਂਟ ਹੋਣਗੇ ਚਾਲੂ

ਪੰਜਾਬ ‘ਚ ਮਈ ਦੌਰਾਨ ਖ਼ਤਮ ਹੋਵੇਗਾ ਬਿਜਲੀ ਸੰਕਟ, 10 ਮਈ ਤੱਕ ਸਾਰੇ ਹਾਈਡਲ ਪਲਾਂਟ ਹੋਣਗੇ ਚਾਲੂ

18 ਅਪ੍ਰੈਲ ਤੋਂ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧਾ ਹੋਇਆ, ਜਿਸ ਨੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਆਮ ਤੌਰ ‘ਤੇ ਇਹ ਪੱਧਰ ਮਈ ਦੇ ਅਖੀਰ ਜਾਂ ਜੂਨ ਦੀ ਸ਼ੁਰੂਆਤ ਵਿੱਚ ਵੇਖਿਆ ਜਾਂਦਾ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਵਿੱਚ ਮਈ ਮਹੀਨੇ ਦੀ ਸ਼ੁਰੂਆਤ ਨਾਲ ਹੀ ਬਿਜਲੀ ਸੰਕਟ ਕਾਫ਼ੀ ਹੱਦ ਤੱਕ ਦੂਰ ਹੋ ਜਾਣ ਦੀ ਉਮੀਦ ਹੈ। ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਬਿਜਲੀ ਦੀ ਘਾਟ 1 ਮਈ ਤੱਕ ਮੁੱਖ ਤੌਰ ‘ਤੇ ਕਾਬੂ ਵਿੱਚ ਆ ਜਾਵੇਗੀ, ਜਦਕਿ 10 ਮਈ ਤੱਕ ਪੰਜਾਬ ਦੇ ਸਾਰੇ ਹਾਈਡਲ ਪਲਾਂਟ ਮੁੜ ਚਾਲੂ ਹੋ ਜਾਣਗੇ, ਜਿਸ ਨਾਲ ਸਪਲਾਈ ਵਿੱਚ ਹੋਰ ਸੁਧਾਰ ਆਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਅਰੋੜਾ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਚਲਦੇ ਕਈ ਹਾਈਡਲ ਪਲਾਂਟ ਬੰਦ ਕਰ ਦਿੱਤੇ ਗਏ ਸਨ, ਪਰ ਹੁਣ 10 ਮਈ ਤੋਂ ਇਹ ਸਾਰੇ ਪਲਾਂਟ ਮੁੜ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ 18 ਅਪ੍ਰੈਲ ਤੋਂ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧਾ ਹੋਇਆ, ਜਿਸ ਨੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਆਮ ਤੌਰ ‘ਤੇ ਇਹ ਪੱਧਰ ਮਈ ਦੇ ਅਖੀਰ ਜਾਂ ਜੂਨ ਦੀ ਸ਼ੁਰੂਆਤ ਵਿੱਚ ਵੇਖਿਆ ਜਾਂਦਾ ਹੈ।

ਮੰਤਰੀ ਨੇ ਦੱਸਿਆ ਕਿ ਮੰਗ ਵਿੱਚ ਇਹ ਵਾਧਾ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਉੱਤਰੀ ਭਾਰਤ ਵਿੱਚ ਪੈ ਰਹੀ ਤਿੱਖੀ ਗਰਮੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਜ਼ਨ ਦੇ ਅਖੀਰ ਵਿੱਚ ਉੱਚ ਮੰਗ ਲਈ ਤਿਆਰੀ ਕੀਤੀ ਸੀ, ਪਰ ਇਸ ਵਾਰ ਇਹ ਮੰਗ ਪਹਿਲਾਂ ਹੀ ਆ ਗਈ। ਚੁਣੌਤੀਆਂ ਦੇ ਬਾਵਜੂਦ ਸਰਕਾਰ ਹਾਲਾਤ ਨੂੰ ਸੰਭਾਲਣ ਲਈ ਲਗਾਤਾਰ ਯਤਨ ਕਰ ਰਹੀ ਹੈ, ਜਿਸ ਵਿੱਚ ਹੋਰ ਰਾਜਾਂ ਅਤੇ ਨਿੱਜੀ ਸਪਲਾਇਰਾਂ ਤੋਂ ਬਿਜਲੀ ਪ੍ਰਾਪਤ ਕਰਨਾ ਵੀ ਸ਼ਾਮਲ ਹੈ।

ਮੰਤਰੀ ਅਰੋੜਾ ਨੇ ਕਿਹਾ ਕਿ ਰਾਤ ਦੇ ਸਮੇਂ, ਖ਼ਾਸ ਕਰਕੇ ਸ਼ਾਮ 6 ਵਜੇ ਤੋਂ ਬਾਅਦ, ਕੁਝ ਦਿੱਕਤ ਆਉਂਦੀ ਹੈ, ਜਦਕਿ ਦਿਨ ਦੇ ਸਮੇਂ ਸਪਲਾਈ ਕਾਫ਼ੀ ਹੱਦ ਤੱਕ ਸਥਿਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਨੂੰ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਖੁੱਲ੍ਹੇ ਬਜ਼ਾਰ ਤੋਂ ਬਿਜਲੀ ਖ਼ਰੀਦਣ ਦੀ ਆਜ਼ਾਦੀ ਦਿੱਤੀ ਗਈ ਹੈ। ਇਸ ਦੇ ਨਾਲ ਦੂਜੇ ਸੂਬਿਆਂ ਨਾਲ ਪਾਵਰ ਬੈਂਕਿੰਗ ਸੈਟਲਮੈਂਟ ਤਹਿਤ ਲੋੜੀਂਦੀ ਬਿਜਲੀ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਖਰੇ ਤੌਰ ‘ਤੇ 1500 ਮੈਗਾਵਾਟ ਬਿਜਲੀ ਖਰੀਦਣ ਦੀ ਪ੍ਰਕਿਰਿਆ ਵੀ ਜਾਰੀ ਹੈ। ਨਾਲ ਹੀ ਗਰਿੱਡ ਅਪਗ੍ਰੇਡੇਸ਼ਨ ‘ਤੇ ਹੁਣ ਤੱਕ ਲਗਭਗ 6 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।

ਮੰਤਰੀ ਨੇ ਦੱਸਿਆ ਕਿ ਪੰਜਾਬ ਆਰਟੀਐਮ ਰਾਹੀਂ ਵੀ ਬਿਜਲੀ ਲੈ ਰਿਹਾ ਹੈ, ਹਾਲਾਂਕਿ ਇਸ ਮਾਧਿਅਮ ਰਾਹੀਂ ਕੁੱਲ ਲੋੜ ਦਾ ਸਿਰਫ਼ ਥੋੜ੍ਹਾ ਹਿੱਸਾ ਹੀ ਪ੍ਰਾਪਤ ਹੋ ਰਿਹਾ ਹੈ। ਰਾਜ ਨੇ ਟਾਟਾ ਵਰਗੀਆਂ ਕੰਪਨੀਆਂ ਤੋਂ ਬੈਕਅੱਪ ਬਿਜਲੀ ਦੀ ਵੀ ਵਿਵਸਥਾ ਕੀਤੀ ਹੈ। ਹਾਲਾਤ ਵਿੱਚ ਹੁਣ ਸੁਧਾਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਅਨਪਲਾਨਡ ਸ਼ਾਰਟੇਜ਼ ਵਿੱਚ ਕਰੀਬ 70 ਫੀਸਦੀ ਕਮੀ ਆਈ ਹੈ। ਅਸੀਂ ਸਪਲਾਈ ਨੂੰ ਸਥਿਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਮੁਕੇਰੀਆਂ ਪਲਾਂਟ ਦੇ ਮੁੜ ਚਾਲੂ ਹੋਣ ਅਤੇ ਵਾਧੂ ਬਿਜਲੀ ਪ੍ਰਬੰਧਾਂ ਨਾਲ ਸਰਕਾਰ ਨੂੰ ਭਰੋਸਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪੰਜਾਬ ਵਿੱਚ ਬਿਜਲੀ ਦੀ ਸਥਿਤੀ ਨਾਰਮਲ ਹੋ ਜਾਵੇਗੀ।

Leave a Reply

Your email address will not be published. Required fields are marked *