PSTET ਪ੍ਰੀਖਿਆ ਮੁਲਤਵੀ: ਹੁਣ 19 ਦੀ ਬਜਾਏ 26 ਅਪ੍ਰੈਲ ਨੂੰ ਹੋਵੇਗੀ, ਪੁਰਾਣੇ ਐਡਮਿਟ ਕਾਰਡ ਰੱਦ
ਹੁਣ 26 ਅਪ੍ਰੈਲ ਦੀ ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ ਅਤੇ ਰੋਲ ਨੰਬਰ ਜਲਦੀ ਹੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਏ ਜਾਣਗੇ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ (PSTET) ਸਬੰਧੀ ਵੱਡਾ ਫੈਸਲਾ ਲਿਆ ਗਿਆ ਹੈ। ਪਹਿਲਾਂ 19 ਅਪ੍ਰੈਲ ਨੂੰ ਹੋਣ ਵਾਲੀ ਇਹ ਪ੍ਰੀਖਿਆ ਹੁਣ ਅੱਗੇ ਧੱਕ ਕੇ 26 ਅਪ੍ਰੈਲ 2026 (ਐਤਵਾਰ) ਨੂੰ ਕਰਵਾਈ ਜਾਵੇਗੀ।
ਵਿਭਾਗ ਦੇ ਮੁਤਾਬਕ PSTET-1 ਅਤੇ PSTET-2 ਦੀ ਰਜਿਸਟ੍ਰੇਸ਼ਨ ਦੌਰਾਨ ਕਈ ਉਮੀਦਵਾਰਾਂ ਨੇ ਆਪਣੀ ਮੌਜੂਦਾ ਤੈਨਾਤੀ (Current Posting) ਦੀ ਜਾਣਕਾਰੀ ਠੀਕ ਤਰੀਕੇ ਨਾਲ ਨਹੀਂ ਭਰੀ ਸੀ। ਇਨ੍ਹਾਂ ਗਲਤੀਆਂ ਨੂੰ ਠੀਕ ਕਰਨ ਲਈ ਪ੍ਰੀਖਿਆ ਦੀ ਤਰੀਕ ਵਿੱਚ ਤਬਦੀਲੀ ਕੀਤੀ ਗਈ ਹੈ।
ਨਵੇਂ ਐਡਮਿਟ ਕਾਰਡ ਜਾਰੀ ਹੋਣਗੇ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 19 ਅਪ੍ਰੈਲ ਲਈ ਜਾਰੀ ਕੀਤੇ ਸਾਰੇ ਪੁਰਾਣੇ ਐਡਮਿਟ ਕਾਰਡ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਹੁਣ 26 ਅਪ੍ਰੈਲ ਦੀ ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ ਅਤੇ ਰੋਲ ਨੰਬਰ ਜਲਦੀ ਹੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਏ ਜਾਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਵੀਨਤਮ ਅਪਡੇਟ ਲਈ ਵੈੱਬਸਾਈਟ ‘ਤੇ ਨਜ਼ਰ ਬਣਾਈ ਰੱਖਣ।
ਸੋਧ ਲਈ ਆਖਰੀ ਮੌਕਾ
ਉਮੀਦਵਾਰਾਂ ਦੀ ਸਹੂਲਤ ਲਈ ਵਿਭਾਗ ਨੇ ਕਰੈਕਸ਼ਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਪਹਿਲਾਂ ਤੋਂ ਰਜਿਸਟਰਡ ਉਮੀਦਵਾਰ 18 ਅਪ੍ਰੈਲ ਦੁਪਹਿਰ ਤੋਂ 19 ਅਪ੍ਰੈਲ ਸ਼ਾਮ 5 ਵਜੇ ਤੱਕ ਆਪਣੇ ਵੇਰਵਿਆਂ ਵਿੱਚ ਸੋਧ ਕਰ ਸਕਦੇ ਹਨ। ਇਸ ਤੋਂ ਬਾਅਦ ਕੋਈ ਵੀ ਬਦਲਾਅ ਸਵੀਕਾਰ ਨਹੀਂ ਕੀਤਾ ਜਾਵੇਗਾ।
ਇਸ ਫੈਸਲੇ ਨਾਲ ਉਮੀਦਵਾਰਾਂ ਨੂੰ ਜਿੱਥੇ ਤਿਆਰੀ ਲਈ ਵਧੇਰੇ ਸਮਾਂ ਮਿਲਿਆ ਹੈ, ਉੱਥੇ ਹੀ ਦੂਰਲੇ ਪ੍ਰੀਖਿਆ ਕੇਂਦਰਾਂ ਕਾਰਨ ਪਰੇਸ਼ਾਨ ਉਮੀਦਵਾਰਾਂ ਨੂੰ ਵੀ ਰਾਹਤ ਮਿਲੀ ਹੈ।
