ਪੰਜਾਬ ਕਾਂਗਰਸ ‘ਚ ਧੜੇਬੰਦੀ ਦੀਆਂ ਚਰਚਾਵਾਂ ‘ਤੇ ਰਾਜਾ ਵੜਿੰਗ ਦੀ ਸਫ਼ਾਈ, ਕਿਹਾ- ਦੋ ਦਿਨਾਂ ‘ਚ ਇਕ ਮੰਚ ‘ਤੇ ਨਜ਼ਰ ਆਉਣਗੇ ਸਾਰੇ ਆਗੂ
ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ ਅਤੇ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਇੱਕੋ ਮੰਚ ‘ਤੇ ਨਜ਼ਰ ਆਉਣਗੇ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਨੂੰ ਲੈ ਕੇ ਉੱਠ ਰਹੀਆਂ ਅਟਕਲਾਂ ‘ਤੇ ਪਹਿਲੀ ਵਾਰ ਖੁੱਲ੍ਹ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ ਅਤੇ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਇੱਕੋ ਮੰਚ ‘ਤੇ ਨਜ਼ਰ ਆਉਣਗੇ।
ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ। ਅਜਿਹੇ ਵਿੱਚ ਜੇਕਰ ਕੁਝ ਕਾਂਗਰਸੀ ਆਗੂ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਲਈ ਜਾਂਦੇ ਹਨ ਤਾਂ ਇਸ ਨੂੰ ਧੜੇਬੰਦੀ ਨਾਲ ਜੋੜਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਆਗੂ ਉਨ੍ਹਾਂ ਦੇ ਘਰ ਜਾਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵੀ ਮੀਟਿੰਗ ਕਰ ਸਕਦੇ ਹਨ, ਜਿਸ ਦਾ ਇਹ ਮਤਲਬ ਨਹੀਂ ਕਿ ਪਾਰਟੀ ਅੰਦਰ ਕੋਈ ਅੰਦਰੂਨੀ ਖਿੱਚੋਤਾਣ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਚਰਨਜੀਤ ਸਿੰਘ ਚੰਨੀ ਦਾ ਪੂਰਾ ਸਤਿਕਾਰ ਕਰਦੇ ਹਨ। ਚੰਨੀ ਦੀ ਪਾਰਟੀ ਲੀਡਰਸ਼ਿਪ ਨਾਲ ਮੁਲਾਕਾਤ ਵੀ ਇੱਕ ਆਮ ਸੰਗਠਨਾਤਮਕ ਪ੍ਰਕਿਰਿਆ ਹੈ ਅਤੇ ਇਸ ਨੂੰ ਕਿਸੇ ਵਿਵਾਦ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ।
ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਹੋਵੇਗੀ
ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਉੱਪਰ ਹੈ ਅਤੇ ਕੋਈ ਵੀ ਆਗੂ, ਭਾਵੇਂ ਉਹ ਸੂਬਾ ਪ੍ਰਧਾਨ ਹੀ ਕਿਉਂ ਨਾ ਹੋਵੇ, ਜਥੇਬੰਦੀ ਤੋਂ ਵੱਡਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਰ ਆਗੂ ਨੂੰ ਆਪਣੀ ਹੱਦ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੰਨੀ ਜਾਂ ਕਿਸੇ ਹੋਰ ਸੀਨੀਅਰ ਆਗੂ ਨੇ ਪਾਰਟੀ ਵਿਰੋਧੀ ਕੋਈ ਗਤੀਵਿਧੀ ਨਹੀਂ ਕੀਤੀ, ਪਰ ਜੇਕਰ ਕੋਈ ਸਾਬਕਾ ਵਿਧਾਇਕ ਜਾਂ ਆਗੂ ਜਨਤਕ ਤੌਰ ‘ਤੇ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕਰਦਾ ਹੈ ਜਾਂ ਅਨੁਸ਼ਾਸਨਹੀਣਤਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਰਕਰਾਂ ਨੂੰ ਵੀ ਜਨਤਕ ਬਿਆਨਬਾਜ਼ੀ ਤੋਂ ਬਚਣ ਅਤੇ ਸੰਜਮ ਵਰਤਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਦੇ ਚਿਹਰੇ ‘ਤੇ ਹਾਈਕਮਾਂਡ ਲਵੇਗੀ ਅੰਤਿਮ ਫ਼ੈਸਲਾ
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਸਬੰਧੀ ਵੜਿੰਗ ਨੇ ਕਿਹਾ ਕਿ ਇਸ ਬਾਰੇ ਅੰਤਿਮ ਫ਼ੈਸਲਾ ਕਾਂਗਰਸ ਹਾਈਕਮਾਂਡ ਕਰੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਹੀ ਇਸ ‘ਤੇ ਅੰਤਿਮ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਨਹੀਂ ਹਨ ਅਤੇ ਉਨ੍ਹਾਂ ਦਾ ਇੱਕੋ-ਇੱਕ ਟੀਚਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਹੈ। ਹਾਈਕਮਾਂਡ ਜਿਸ ਵੀ ਆਗੂ ਨੂੰ ਜ਼ਿੰਮੇਵਾਰੀ ਦੇਵੇਗੀ, ਉਹ ਉਸ ਦਾ ਪੂਰਾ ਸਾਥ ਦੇਣਗੇ।
ਰੰਧਾਵਾ ਦੇ ਹੱਕ ਵਿੱਚ ਵੀ ਆਏ ਵੜਿੰਗ
ਰਾਜਾ ਵੜਿੰਗ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਦਾ ਵੀ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਰੰਧਾਵਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਮੁਲਾਕਾਤ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ, ਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਸਰਹੱਦੀ ਖੇਤਰਾਂ ਨਾਲ ਜੁੜੇ ਮੁੱਦਿਆਂ ਸਬੰਧੀ ਸੀ। ਉਨ੍ਹਾਂ ਕਿਹਾ ਕਿ ਰੰਧਾਵਾ ਕਾਂਗਰਸ ਦੇ ਸਮਰਪਿਤ ਆਗੂ ਹਨ। ਨਾਲ ਹੀ ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਕਾਂਗਰਸ ਨਾਲ ਖੜ੍ਹੇ ਹਨ ਅਤੇ ਭਾਜਪਾ ਨੂੰ ਸੂਬੇ ਵਿੱਚ ਸਿਆਸੀ ਤੌਰ ‘ਤੇ ਕੋਈ ਵੱਡੀ ਕਾਮਯਾਬੀ ਨਹੀਂ ਮਿਲੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
