ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਇਰਿੰਗ ਦੇ ਦਾਅਵੇ ਨਾਲ ਹੜਕੰਪ, ਸੋਸ਼ਲ ਮੀਡੀਆ ਪੋਸਟ ਵਾਇਰਲ
ਵਾਇਰਲ ਹੋ ਰਹੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਗੋਲੀਬਾਰੀ ਸਿਰਫ਼ “ਚੇਤਾਵਨੀ” ਦੇ ਤੌਰ ‘ਤੇ ਕੀਤੀ ਗਈ ਸੀ। ਇਸ ਦੇ ਨਾਲ ਹੀ ਪੋਸਟ ਵਿੱਚ ਗੁਰਪ੍ਰਤਾਪ ਕੰਗ ਉੱਤੇ ਔਰਤਾਂ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਵਰਗੇ ਗੰਭੀਰ ਦੋਸ਼ ਵੀ ਲਗਾਏ ਗਏ ਹਨ।

ਹਰਿਆਣਾ
ਬਿਊਰੋ ਰਿਪੋਰਟ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਗੌਂਡਰ ਪਿੰਡ ਵਿੱਚ ਪੰਜਾਬੀ ਗਾਇਕ Diljit Dosanjh ਦੇ ਮੈਨੇਜਰ ਗੁਰਪ੍ਰਤਾਪ ਕੰਗ ਦੇ ਘਰ ‘ਤੇ ਗੋਲੀਬਾਰੀ ਹੋਣ ਦੇ ਦਾਅਵਿਆਂ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਟਾਇਸਨ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਨੇ ਲਈ ਹੈ। ਹਾਲਾਂਕਿ ਇਸ ਵਾਇਰਲ ਪੋਸਟ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਅਤੇ ਨਾ ਹੀ ਪੁਲਿਸ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਬਿਆਨ ਸਾਹਮਣੇ ਆਇਆ ਹੈ।
ਵਾਇਰਲ ਹੋ ਰਹੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਗੋਲੀਬਾਰੀ ਸਿਰਫ਼ “ਚੇਤਾਵਨੀ” ਦੇ ਤੌਰ ‘ਤੇ ਕੀਤੀ ਗਈ ਸੀ। ਇਸ ਦੇ ਨਾਲ ਹੀ ਪੋਸਟ ਵਿੱਚ ਗੁਰਪ੍ਰਤਾਪ ਕੰਗ ਉੱਤੇ ਔਰਤਾਂ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਵਰਗੇ ਗੰਭੀਰ ਦੋਸ਼ ਵੀ ਲਗਾਏ ਗਏ ਹਨ। ਪੋਸਟ ਅਨੁਸਾਰ ਕੁਝ ਲੜਕੀਆਂ ਨੂੰ ਵਿਦੇਸ਼ੀ ਦੌਰਿਆਂ ਅਤੇ ਸ਼ੋਅਜ਼ ਦੌਰਾਨ ਝੂਠੇ ਵਾਅਦੇ ਕਰਕੇ ਆਪਣੇ ਪ੍ਰਭਾਵ ਹੇਠ ਲਿਆ ਗਿਆ। ਹਾਲਾਂਕਿ ਇਨ੍ਹਾਂ ਸਾਰੇ ਦਾਵਿਆਂ ਦੀ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਕਿਸੇ ਜਾਂਚ ਏਜੰਸੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਪੋਸਟ ਵਿੱਚ ਲਿਖਿਆ ਗਿਆ ਕਿ ਟਾਇਸਨ ਬਿਸ਼ਨੋਈ, ਆਰਜੂ ਬਿਸ਼ਨੋਈ ਅਤੇ ਹਰੀ ਬਾਕਸਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਗਾਇਕ ਦਿਲਜੀਤ ਦੋਸਾਂਝ, ਉਸ ਦੀ ਮੈਨੇਜਰ ਸੋਨਾਲੀ ਅਤੇ ਗੁਰਪ੍ਰਤਾਪ ਕੰਗ ਨੂੰ ਸੁਨੇਹੇ ਭੇਜੇ ਸਨ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਕਿਸੇ ਤਰ੍ਹਾਂ ਦੀ ਫਿਰੌਤੀ ਜਾਂ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ, ਸਗੋਂ ਗੁਰਪ੍ਰਤਾਪ ਕੰਗ ‘ਤੇ ਕੁੜੀਆਂ ਦਾ ਫਾਇਦਾ ਚੁੱਕਣ ਦੇ ਦੋਸ਼ ਲਗਾ ਕੇ ਇਹ “ਚੇਤਾਵਨੀ” ਦਿੱਤੀ ਗਈ ਹੈ। ਫਿਲਹਾਲ ਮਾਮਲੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵੱਲੋਂ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
