ਤਿਉਹਾਰਾਂ ਤੋਂ ਪਹਿਲਾਂ ਮਹਿੰਗੀ ਹੋਈ ਖੰਡ, ਕੀਮਤਾਂ ਕਾਬੂ ਕਰਨ ਲਈ ਸਰਕਾਰ ਦਾ ਐਕਸ਼ਨ
ਇੱਕ ਕਿਲੋ ਖੰਡ ਦੀ ਕੀਮਤ ਵਿੱਚ ਲਗਭਗ 17 ਰੁਪਏ ਦਾ ਵਾਧਾ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿੱਚ ਕਈ ਥਾਵਾਂ ’ਤੇ ਖੰਡ 70 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ।

ਨਵੀਂ ਦਿੱਲੀ
ਬਿਊਰੋ ਰਿਪੋਰਟ
ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਲੱਗੀਆਂ ਹਨ। ਪਿਛਲੇ ਇੱਕ ਮਹੀਨੇ ਵਿੱਚ ਖੰਡ ਦਾ ਭਾਅ 48.18 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਕਰੀਬ 65 ਰੁਪਏ ਤੱਕ ਪਹੁੰਚ ਗਿਆ ਹੈ। ਯਾਨੀ ਇੱਕ ਕਿਲੋ ਖੰਡ ਦੀ ਕੀਮਤ ਵਿੱਚ ਲਗਭਗ 17 ਰੁਪਏ ਦਾ ਵਾਧਾ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿੱਚ ਕਈ ਥਾਵਾਂ ’ਤੇ ਖੰਡ 70 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ।
ਕੀਮਤਾਂ ਵਿੱਚ ਆਈ ਇਸ ਤੇਜ਼ੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਸਪਲਾਈ ਵਧਾਉਣ ਅਤੇ ਜਮ੍ਹਾਖੋਰੀ ’ਤੇ ਨਕੇਲ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਲਈ ਖੰਡ ਦੀ ਦਰਾਮਦ ਕਰਨ ਦੇ ਨਾਲ-ਨਾਲ ਸਟਾਕ ਦੀ ਹੱਦ ਨਿਰਧਾਰਤ ਕੀਤੀ ਗਈ ਹੈ ਅਤੇ ਬਾਜ਼ਾਰ ਵਿੱਚ ਨਿਗਰਾਨੀ ਵੀ ਵਧਾਈ ਜਾ ਰਹੀ ਹੈ।
ਹਾਲਾਂਕਿ ਖੰਡ ਦੀਆਂ ਕੀਮਤਾਂ ਵਧਣ ਲਈ ਸਰਕਾਰ ਨੇ ਈਥਾਨੌਲ ਨੀਤੀ ਨੂੰ ਕਾਰਨ ਮੰਨਣ ਤੋਂ ਸਾਫ਼ ਇਨਕਾਰ ਕੀਤਾ ਹੈ। ਕੇਂਦਰ ਮੁਤਾਬਕ ਇਸ ਸਮੇਂ ਈਥਾਨੌਲ ਬਣਾਉਣ ਲਈ ਖੰਡ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਹੋਈ ਹੈ। ਅੰਕੜਿਆਂ ਮੁਤਾਬਕ 2022-23 ਵਿੱਚ ਈਥਾਨੌਲ ਲਈ ਖੰਡ ਦਾ ਕਰੀਬ 12 ਫ਼ੀਸਦੀ ਹਿੱਸਾ ਵਰਤਿਆ ਗਿਆ ਸੀ, ਜਦਕਿ ਮੌਜੂਦਾ ਸਾਲ ਵਿੱਚ ਇਹ ਹਿੱਸਾ ਲਗਭਗ 9 ਫ਼ੀਸਦੀ ਰਹਿ ਗਿਆ ਹੈ।
ਜਮ੍ਹਾਖੋਰੀ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਵੀ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। 30 ਨਵੰਬਰ ਤੱਕ ਵਪਾਰੀਆਂ ਲਈ 400 ਟਨ ਦੀ ਵੱਧ ਤੋਂ ਵੱਧ ਸਟਾਕ ਹੱਦ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਸਤੰਬਰ ਤੋਂ ਥੋਕ ਖਰੀਦਦਾਰ ਆਪਣੀ 15 ਦਿਨਾਂ ਦੀ ਲੋੜ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ। ਸਰਕਾਰ ਵੱਲੋਂ ਸਟਾਕ ਦੀ ਅਸਲ ਸਥਿਤੀ ਜਾਣਨ ਲਈ ਕੇਂਦਰ ਅਤੇ ਸੂਬਿਆਂ ਦੀਆਂ ਸਾਂਝੀਆਂ ਟੀਮਾਂ ਖੰਡ ਮਿੱਲਾਂ ਦੀ ਜਾਂਚ ਵੀ ਕਰਨਗੀਆਂ।
ਬਾਜ਼ਾਰ ਵਿੱਚ ਖੰਡ ਦੀ ਤੁਰੰਤ ਉਪਲਬਧਤਾ ਵਧਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਕਸਟਮ ਡਿਊਟੀ ਤੋਂ ਬਿਨਾਂ ਦਰਾਮਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਗਸਤ ਤੋਂ ਨਵੰਬਰ ਤੱਕ ਗਣੇਸ਼ ਚਤੁਰਥੀ, ਦਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਕਾਰਨ ਖੰਡ ਦੀ ਮੰਗ ਵਧਣ ਦੀ ਸੰਭਾਵਨਾ ਹੈ। ਦੂਜੇ ਪਾਸੇ ਨਵੇਂ ਗੰਨਾ ਸੀਜ਼ਨ ਦੀ ਪਿੜਾਈ ਵੀ ਅਕਤੂਬਰ ਵਿੱਚ ਸ਼ੁਰੂ ਹੋਣੀ ਹੈ।
ਭਾਰਤ ਵਿੱਚ ਆਮ ਤੌਰ ’ਤੇ ਹਰ ਸਾਲ 320 ਤੋਂ 340 ਲੱਖ ਟਨ ਖੰਡ ਦਾ ਉਤਪਾਦਨ ਹੁੰਦਾ ਹੈ, ਜਦਕਿ ਦੇਸ਼ ਦੀ ਸਾਲਾਨਾ ਘਰੇਲੂ ਖਪਤ ਲਗਭਗ 280 ਤੋਂ 290 ਲੱਖ ਟਨ ਹੈ। ਇਸ ਕਾਰਨ ਆਮ ਤੌਰ ’ਤੇ 40 ਤੋਂ 50 ਲੱਖ ਟਨ ਦਾ ਵਾਧੂ ਸਟਾਕ ਰਹਿੰਦਾ ਹੈ। ਪਰ ਇਸ ਵਾਰ ਉਤਪਾਦਨ ਘਟਣ ਕਾਰਨ ਬਾਜ਼ਾਰ ਵਿੱਚ ਉਪਲਬਧ ਸਟਾਕ ’ਤੇ ਦਬਾਅ ਵਧਿਆ ਹੈ।
ਮੌਜੂਦਾ ਸੀਜ਼ਨ ਵਿੱਚ ਪਹਿਲਾਂ ਖੰਡ ਉਤਪਾਦਨ ਦਾ ਅੰਦਾਜ਼ਾ ਕਰੀਬ 343 ਲੱਖ ਟਨ ਲਗਾਇਆ ਗਿਆ ਸੀ। ਬਾਅਦ ਵਿੱਚ ਇਹ ਅਨੁਮਾਨ ਘਟ ਕੇ ਲਗਭਗ 306 ਲੱਖ ਟਨ ਰਹਿ ਗਿਆ। ਇਸ ਤਰ੍ਹਾਂ ਪਹਿਲੇ ਅੰਦਾਜ਼ੇ ਨਾਲੋਂ ਕਰੀਬ 37 ਲੱਖ ਟਨ ਘੱਟ ਉਤਪਾਦਨ ਹੋਇਆ। ਗੰਨੇ ਵਿੱਚ ਰੈੱਡ ਰਾਟ ਅਤੇ ਟਾਪ ਬੋਰਰ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਭਾਰੀ ਮੀਂਹ ਕਾਰਨ ਵੀ ਗੰਨੇ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ।
ਕੌਮਾਂਤਰੀ ਪੱਧਰ ’ਤੇ ਵੀ ਖੰਡ ਦੀ ਸਪਲਾਈ ਨੂੰ ਲੈ ਕੇ ਦਬਾਅ ਬਣਿਆ ਹੋਇਆ ਹੈ। 2026-27 ਦੌਰਾਨ ਦੁਨੀਆ ਭਰ ਵਿੱਚ ਲਗਭਗ 33 ਲੱਖ ਟਨ ਖੰਡ ਦੀ ਕਮੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ ਵਿੱਚ ਖੰਡ ਦੀ ਕੀਮਤ 30 ਜੂਨ ਨੂੰ 474 ਡਾਲਰ ਪ੍ਰਤੀ ਟਨ ਤੋਂ ਵਧ ਕੇ 20 ਅਗਸਤ ਨੂੰ 552 ਡਾਲਰ ਪ੍ਰਤੀ ਟਨ ਹੋ ਗਈ।
ਕੌਮਾਂਤਰੀ ਕੀਮਤਾਂ ਵਧਣ ਕਾਰਨ ਖੰਡ ਦੀ ਦਰਾਮਦ ਵੀ ਪਹਿਲਾਂ ਦੇ ਮੁਕਾਬਲੇ ਮਹਿੰਗੀ ਪੈ ਰਹੀ ਹੈ। ਫਿਰ ਵੀ ਘਰੇਲੂ ਬਾਜ਼ਾਰ ਵਿੱਚ ਸਪਲਾਈ ਬਣਾਈ ਰੱਖਣ ਲਈ ਸਰਕਾਰ ਨੇ 10 ਲੱਖ ਟਨ ਕੱਚੀ ਖੰਡ ਦੀ ਕਸਟਮ ਮੁਕਤ ਦਰਾਮਦ ਨੂੰ ਮਨਜ਼ੂਰੀ ਦਿੱਤੀ ਹੈ।
ਈਥਾਨੌਲ ਨੂੰ ਲੈ ਕੇ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਤਿਆਰ ਹੋਣ ਵਾਲੇ ਈਥਾਨੌਲ ਦਾ ਲਗਭਗ ਤਿੰਨ-ਚੌਥਾਈ ਹਿੱਸਾ ਹੁਣ ਅਨਾਜ, ਖ਼ਾਸ ਕਰਕੇ ਮੱਕੀ ਤੋਂ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਤਰਕ ਹੈ ਕਿ ਵਾਧੂ ਖੰਡ ਨੂੰ ਈਥਾਨੌਲ ਬਣਾਉਣ ਲਈ ਵਰਤਣ ਨਾਲ ਖੰਡ ਮਿੱਲਾਂ ਦੀ ਵਿੱਤੀ ਹਾਲਤ ਮਜ਼ਬੂਤ ਹੋਈ ਹੈ ਅਤੇ ਗੰਨਾ ਕਿਸਾਨਾਂ ਨੂੰ ਭੁਗਤਾਨ ਕਰਨ ਵਿੱਚ ਵੀ ਸਹਾਇਤਾ ਮਿਲੀ ਹੈ।
ਇਸੇ ਦੌਰਾਨ ਕੇਂਦਰ ਨੇ ਖੰਡ ਮਿੱਲਾਂ ਨੂੰ ਨਵੇਂ ਸੀਜ਼ਨ ਦੀ ਪਿੜਾਈ 15 ਅਕਤੂਬਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹੁਣ ਆਉਣ ਵਾਲੇ ਹਫ਼ਤੇ ਖੰਡ ਦੀਆਂ ਕੀਮਤਾਂ ਨੂੰ ਸਥਿਰ ਕਰਨ ਅਤੇ ਬਾਜ਼ਾਰ ਵਿੱਚ ਲੋੜੀਂਦੀ ਸਪਲਾਈ ਬਣਾਈ ਰੱਖਣ ਦੇ ਪੱਖੋਂ ਬੇਹੱਦ ਅਹਿਮ ਰਹਿਣ ਵਾਲੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
