ਜ਼ੀਰਕਪੁਰ ‘ਚ ਧਮਕੀ ਦਾ ਮਾਮਲਾ: ਗੈਂਗਸਟਰ ਸ਼ਹਿਜ਼ਾਦ ਭੱਟੀ ਵੱਲੋਂ 1 ਕਰੋੜ ਦੀ ਮੰਗ
ਉਸ ਨੇ ਚੇਤਾਵਨੀ ਦਿੱਤੀ ਕਿ ਰਕਮ ਨਾ ਮਿਲਣ ‘ਤੇ ਪਰਿਵਾਰ ਅਤੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

ਜ਼ੀਰਕਪੁਰ – ਸ਼ਹਿਰ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ IT ਕੰਪਨੀ ਦੇ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੱਸਦਿਆਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਸ ਨੇ ਚੇਤਾਵਨੀ ਦਿੱਤੀ ਕਿ ਰਕਮ ਨਾ ਮਿਲਣ ‘ਤੇ ਪਰਿਵਾਰ ਅਤੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਸ਼ਿਕਾਇਤਕਰਤਾ ਅਰਜਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਜ਼ੀਰਕਪੁਰ ਵਿੱਚ IT ਕੰਪਨੀ ਚਲਾਉਂਦਾ ਹੈ ਅਤੇ ਆਪਣੇ ਭਰਾ ਦੇ ਕਲੱਬ ਦੀ ਸੰਭਾਲ ਵੀ ਕਰਦਾ ਹੈ। ਉਸ ਦੇ ਮੁਤਾਬਕ 8 ਅਪ੍ਰੈਲ 2026 ਨੂੰ ਵਟਸਐਪ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਵੀਡੀਓ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸ਼ਹਿਜ਼ਾਦ ਭੱਟੀ ਦੱਸਿਆ ਅਤੇ ਪਰਿਵਾਰਕ ਜਾਣਕਾਰੀ ਹੋਣ ਦਾ ਦਾਅਵਾ ਕੀਤਾ।
ਧਮਕੀ ਦੌਰਾਨ ਉਸ ਵਿਅਕਤੀ ਨੇ ਕਿਹਾ ਕਿ ਕਾਰੋਬਾਰ ਚੰਗਾ ਚੱਲ ਰਿਹਾ ਹੈ, ਇਸ ਲਈ ਇੱਕ ਕਰੋੜ ਰੁਪਏ ਦੇਣੇ ਪੈਣਗੇ। ਨਾ ਦੇਣ ਦੀ ਸੂਰਤ ‘ਚ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਗਈ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
