ਗੁਰੂ ਰੰਧਾਵਾ ਦੇ ਦਿੱਲੀ ਸਥਿਤ ਜਿੰਮ ‘ਤੇ ਫਾਇਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਅਕਤੀ ਨੇ ਲਈ ਜ਼ਿੰਮੇਵਾਰੀ

ਗੁਰੂ ਰੰਧਾਵਾ ਦੇ ਦਿੱਲੀ ਸਥਿਤ ਜਿੰਮ ‘ਤੇ ਫਾਇਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਅਕਤੀ ਨੇ ਲਈ ਜ਼ਿੰਮੇਵਾਰੀ

ਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਜਾਂਦੇ ਅਨਿਲ ਪੰਡਿਤ ਯੂਐਸਏ ਨੇ ਆਡੀਓ ਮੈਸੇਜ ਅਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬੀ ਗਾਇਕ ਗੁਰੂ ਰੰਧਾਵਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਚਰਚਾ ਦਾ ਕਾਰਨ ਉਨ੍ਹਾਂ ਦੇ ਦਿੱਲੀ ਸਥਿਤ ਜਿੰਮ ‘ਤੇ ਹੋਈ ਗੋਲੀਬਾਰੀ ਹੈ। ਬੁੱਧਵਾਰ ਦੇਰ ਰਾਤ ਪੱਛਮੀ ਵਿਹਾਰ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ‘24HS ਫਿਟਨੈਸ’ ਜਿੰਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਇਰਿੰਗ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਜਾਂਦੇ ਅਨਿਲ ਪੰਡਿਤ ਯੂਐਸਏ ਨੇ ਆਡੀਓ ਮੈਸੇਜ ਅਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਗੁਰੂ ਰੰਧਾਵਾ ਜਿੰਮ ਵਿੱਚ ਮੌਜੂਦ ਨਹੀਂ ਸਨ। ਅਨਿਲ ਪੰਡਿਤ ਨੇ ਦਾਅਵਾ ਕੀਤਾ ਕਿ ਗੁਰੂ ਰੰਧਾਵਾ ਦੇ ਸਲਮਾਨ ਖਾਨ ਨਾਲ ਕਰੀਬੀ ਸੰਬੰਧ ਹੋਣ ਕਰਕੇ ਉਨ੍ਹਾਂ ਦੇ ਜਿੰਮ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਖਾਨ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦੇਣ ਅਤੇ ਗੋਲੀਬਾਰੀ ਕਰਨ ਦੇ ਦਾਅਵੇ ਸਾਹਮਣੇ ਆ ਚੁੱਕੇ ਹਨ।

 

ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ

ਹਾਲ ਹੀ ‘ਚ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਅਨਿਲ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕੀਤੀ। ਨਿਊਜ 99 ਪੰਜਾਬ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਇਸ ‘ਚ ਲਿਖਿਆ ਸੀ ਕਿ ਗੁਰੂ ਰੰਧਾਵਾ ਦੇ ਜਿੰਮ (24 ਐਚਐਸ ਫਿਟਨੈਸ ਦਿੱਲੀ) ‘ਤੇ ਗੋਲੀਬਾਰੀ ਮੇਰੇ ਅਨਿਲ ਪੰਡਿਤ ਯੂਐਸਏ ਤੇ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਕੀਤੀ ਗਈ ਸੀ। ਉਹ ਸਲਮਾਨ ਖਾਨ ਦੇ ਜ਼ਿਆਦਾ ਹੀ ਕਰੀਬ ਹੋ ਰਿਹਾ ਸੀ। ਅਸੀਂ ਪਹਿਲਾਂ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉਸ ਤੋਂ ਦੂਰ ਰਹੇ, ਕਿਉਂਕਿ ਉਹ ਸਾਡਾ ਦੁਸ਼ਮਣ ਹੈ। ਪਰ ਉਸ ਨੂੰ ਸੁਨੇਹਾ ਨਹੀਂ ਮਿਲਿਆ ਤੇ ਸਾਡੇ ਸਾਰੇ ਦੁਸ਼ਮਣਾਂ ਲਈ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਲੁਕੇ ਹੋਣ, ਅਸੀਂ ਜਲਦੀ ਹੀ ਉਨ੍ਹਾਂ ਨੂੰ ਮਿਲਾਂਗੇ। ਨਾਲ ਹੀ ਇੱਕ ਹੋਰ ਨੋਟ ‘ਚ ਅੱਗੇ ਕਿਹਾ ਗਿਆ ਹੈ “ਤੇ ਦੇਸ਼ ਦੇ ਵਿਰੁੱਧ ਸਾਜ਼ਿਸ਼ ਰਚ ਰਹੇ ਉਨ੍ਹਾਂ ਸਾਰੇ ਗੱਦਾਰਾਂ ਲਈ, ਦੁਨੀਆ ‘ਚ ਕਿਤੇ ਵੀ ਲੁਕ ਜਾਓ, ਅਸੀਂ ਤੁਹਾਨੂੰ ਉੱਥੇ ਹੀ ਮਾਰ ਦੇਵਾਂਗੇ।”

ਪੁਲਿਸ ਵੱਲੋਂ ਜਾਂਚ ਜਾਰੀ

ਪੁਲਿਸ ਇਸ ਮਾਮਲੇ ਵਿੱਚ ਜਿੰਮ ਦੇ ਮਾਲਕ ਅਤੇ ਹੋਰ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਹਮਲੇ ਦੇ ਅਸਲ ਮਕਸਦ ਦਾ ਪਤਾ ਲਗਾਇਆ ਜਾ ਸਕੇ।

ਸਲਮਾਨ ਖਾਨ ਨੂੰ ਲੈ ਕੇ ਪਹਿਲਾਂ ਵੀ ਮਿਲ ਚੁੱਕੀਆਂ ਧਮਕੀਆਂ

ਕਾਲੇ ਹਿਰਨ ਸ਼ਿਕਾਰ ਮਾਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਲੰਬੇ ਸਮੇਂ ਤੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਕਰਦਾ ਆ ਰਿਹਾ ਹੈ। ਅਦਾਕਾਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵੀ ਵਾਪਰ ਚੁੱਕੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਸੀ। ਹੁਣ ਗੁਰੂ ਰੰਧਾਵਾ ਦੇ ਜਿੰਮ ‘ਤੇ ਹੋਈ ਫਾਇਰਿੰਗ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 

 

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *