ਈ-ਫਾਰਮੇਸੀ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਹੜਤਾਲ, ਲੱਖਾਂ ਮੈਡੀਕਲ ਸਟੋਰ ਰਹਿਣ ਦੇ ਆਸਾਰ ਬੰਦ
ਹਾਲਾਂਕਿ ਸੰਗਠਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਮਰਜੈਂਸੀ ਦਵਾਈ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ।

ਚੰਡੀਗੜ੍ਹ
ਬਿਊਰੋ ਰਿਪੋਰਟ
ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟਸ ਵੱਲੋਂ ਔਨਲਾਈਨ ਅਤੇ ਈ-ਫਾਰਮੇਸੀ ਪਲੇਟਫਾਰਮਾਂ ਰਾਹੀਂ ਹੋ ਰਹੀ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿੱਚ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਸੰਗਠਨ ਦਾ ਦਾਅਵਾ ਹੈ ਕਿ ਇਸ ਹੜਤਾਲ ਦੌਰਾਨ ਦਿੱਲੀ ਦੇ ਕਰੀਬ 15 ਹਜ਼ਾਰ ਮੈਡੀਕਲ ਸਟੋਰਾਂ ਸਮੇਤ ਦੇਸ਼ ਭਰ ਵਿੱਚ ਲਗਭਗ 7 ਤੋਂ 8 ਲੱਖ ਮੈਡੀਕਲ ਸਟੋਰ ਬੰਦ ਰਹਿ ਸਕਦੇ ਹਨ। ਹਾਲਾਂਕਿ ਸੰਗਠਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਮਰਜੈਂਸੀ ਦਵਾਈ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ।
ਔਨਲਾਈਨ ਵਿਕਰੀ ਨਾਲ ਛੋਟੇ ਦੁਕਾਨਦਾਰ ਪਰੇਸ਼ਾਨ
ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨਾਲ ਜੁੜੇ ਸੂਤਰਾਂ ਅਨੁਸਾਰ ਕਈ ਰਾਜ ਪੱਧਰੀ ਰਿਟੇਲ ਫਾਰਮੇਸੀ ਐਸੋਸੀਏਸ਼ਨਾਂ ਨੇ ਇਸ ਹੜਤਾਲ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਲੋਕਾਂ ਨੂੰ ਦਵਾਈਆਂ ਦੀ ਨਿਰਵਿਘਨ ਸਪਲਾਈ ਜਾਰੀ ਰਹਿਣ ਦਾ ਭਰੋਸਾ ਦਿੱਤਾ ਹੈ।
ਦਿੱਲੀ ਰਿਟੇਲ ਡਿਸਟ੍ਰੀਬਿਊਸ਼ਨ ਕੈਮਿਸਟ ਅਲਾਇੰਸ (RDCA) ਦੇ ਪ੍ਰਧਾਨ ਸੰਦੀਪ ਨਾਂਗੀਆ ਨੇ ਕਿਹਾ ਕਿ ਔਨਲਾਈਨ ਅਤੇ ਈ-ਫਾਰਮੇਸੀ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਭਾਰੀ ਛੂਟਾਂ ਅਤੇ ਫਾਸਟ ਡਿਲੀਵਰੀ ਕਾਰਨ ਛੋਟੇ ਮੈਡੀਕਲ ਸਟੋਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਕਾਰਨ ਰਵਾਇਤੀ ਦਵਾਈ ਵਪਾਰ ਨਾਲ ਜੁੜੇ ਹਜ਼ਾਰਾਂ ਛੋਟੇ ਵਪਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
AICDF ਨੇ ਹੜਤਾਲ ਤੋਂ ਕੀਤਾ ਕਿਨਾਰਾ
ਇਸ ਦੇ ਨਾਲ ਹੀ ਦਵਾਈ ਵਪਾਰੀਆਂ ਦੀ ਇੱਕ ਹੋਰ ਸੰਸਥਾ ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਫੈਡਰੇਸ਼ਨ (AICDF) ਨੇ 20 ਮਈ ਨੂੰ ਬੁਲਾਈ ਗਈ ਹੜਤਾਲ ਅਤੇ ਭਾਰਤ ਬੰਦ ਤੋਂ ਆਪਣੇ ਆਪ ਨੂੰ ਵੱਖ ਰੱਖਿਆ ਹੈ। ਸੰਗਠਨ ਨੇ ਕਿਹਾ ਹੈ ਕਿ ਉਹ ਇਸ ਹੜਤਾਲ ਦਾ ਸਮਰਥਨ ਨਹੀਂ ਕਰੇਗਾ।
AICDF ਦਾ ਕਹਿਣਾ ਹੈ ਕਿ ਅਜਿਹੀ ਹੜਤਾਲ ਨਾਲ ਬਾਜ਼ਾਰ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣੇਗਾ ਅਤੇ ਛੋਟੇ ਵਪਾਰੀਆਂ ਨੂੰ ਹੋਰ ਨੁਕਸਾਨ ਝੱਲਣਾ ਪਵੇਗਾ। ਸੰਗਠਨ ਦੇ ਪ੍ਰਧਾਨ ਕੈਲਾਸ਼ ਗੁਪਤਾ ਨੇ ਦੋਸ਼ ਲਗਾਇਆ ਕਿ ਹੜਤਾਲ ਦਾ ਸੱਦਾ ਦੇਣ ਵਾਲੇ ਸੰਗਠਨ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਬਜਾਏ ਬਾਜ਼ਾਰ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
