GST ਧੋਖਾਧੜੀ ਮਾਮਲੇ ‘ਚ ਮੰਤਰੀ ਸੰਜੀਵ ਅਰੋੜਾ ਈਡੀ ਰਿਮਾਂਡ ‘ਤੇ, ਪੁੱਛਗਿੱਛ ਹੋਈ ਹੋਰ ਤੇਜ਼
ਜਾਂਚ ਏਜੰਸੀ ਨੇ ਅਦਾਲਤ ਕੋਲ ਪੰਜ ਦਿਨਾਂ ਦੀ ਰਿਮਾਂਡ ਮੰਗੀ ਸੀ, ਪਰ ਅਦਾਲਤ ਨੇ ਦੋ ਦਿਨਾਂ ਦੀ ਮਨਜ਼ੂਰੀ ਦਿੱਤੀ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ Enforcement Directorate (ED) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਗੁਰੂਗ੍ਰਾਮ ਦੀ ਜ਼ਿਲ੍ਹਾ ਅਦਾਲਤ ਨੇ ਦੋ ਦਿਨਾਂ ਦੇ ਈਡੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਅਦਾਲਤ ਕੋਲ ਪੰਜ ਦਿਨਾਂ ਦੀ ਰਿਮਾਂਡ ਮੰਗੀ ਸੀ, ਪਰ ਅਦਾਲਤ ਨੇ ਦੋ ਦਿਨਾਂ ਦੀ ਮਨਜ਼ੂਰੀ ਦਿੱਤੀ।
ਹੁਣ ਈਡੀ ਦੀ ਟੀਮ ਵੱਲੋਂ ਸੰਜੀਵ ਅਰੋੜਾ ਤੋਂ ਕਥਿਤ ਵਿੱਤੀ ਗੜਬੜੀਆਂ, ਜਾਅਲੀ ਲੈਣ-ਦੇਣ ਅਤੇ ਫਰਜ਼ੀ ਦਸਤਾਵੇਜ਼ਾਂ ਨੂੰ ਲੈ ਕੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਈ ਵਪਾਰਕ ਲੈਣ-ਦੇਣ ਅਤੇ ਕੰਪਨੀਆਂ ਨਾਲ ਜੁੜੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ 9 ਮਈ ਨੂੰ ਈਡੀ ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਸਰਕਾਰੀ ਘਰ ਦੇ ਨਾਲ-ਨਾਲ ਦਿੱਲੀ ਅਤੇ ਗੁਰੂਗ੍ਰਾਮ ਵਿੱਚ ਪੰਜ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਕਾਰਵਾਈ ਤੋਂ ਬਾਅਦ ਹੀ ਜਾਂਚ ਏਜੰਸੀ ਨੇ ਸੰਜੀਵ ਅਰੋੜਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਈਡੀ ਦੇ ਦੋਸ਼ਾਂ ਮੁਤਾਬਕ ਸੰਜੀਵ ਅਰੋੜਾ ‘ਤੇ ਮੋਬਾਈਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਦੀ ਖਰੀਦ-ਫਰੋਖ਼ਤ ਨਾਲ ਸੰਬੰਧਿਤ ਵੱਡੇ ਪੱਧਰ ਦੀ GST ਧੋਖਾਧੜੀ ਕਰਨ ਦੇ ਇਲਜ਼ਾਮ ਹਨ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਅਰੋੜਾ ਨੇ ਆਪਣੀਆਂ ਫਰਮਾਂ ਰਾਹੀਂ ਲਗਭਗ 157.12 ਕਰੋੜ ਰੁਪਏ ਦੇ ਮੋਬਾਈਲ ਫੋਨਾਂ ਦੀ ਜਾਅਲੀ ਵਿਕਰੀ ਦਰਸਾਈ ਅਤੇ ਸ਼ੈੱਲ ਕੰਪਨੀਆਂ ਦੀ ਮਦਦ ਨਾਲ ਫਰਜ਼ੀ ਨਿਰਯਾਤ ਦਿਖਾ ਕੇ ਧੋਖਾਧੜੀ ਕੀਤੀ।
ਫਿਲਹਾਲ ਈਡੀ ਇਸ ਮਾਮਲੇ ਨਾਲ ਜੁੜੇ ਵਿੱਤੀ ਰਿਕਾਰਡ, ਸ਼ੈੱਲ ਕੰਪਨੀਆਂ ਦੇ ਜਾਲ ਅਤੇ ਹੋਰ ਮਹੱਤਵਪੂਰਨ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੀ ਹਲਚਲ ਵਧ ਗਈ ਹੈ ਅਤੇ ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
