ਸੁਨਾਮ ’ਚ CM ਦੀ ਲੋਕ ਮਿਲਣੀ ਦੌਰਾਨ ਵਿਰੋਧ ਕਰਨਾ ਪਿਆ ਮਹਿੰਗਾ! ਨੌਜਵਾਨ ਹਸਪਤਾਲ ਦਾਖ਼ਲ, ਪੁਲਿਸ ’ਤੇ ਲੱਗੇ ਗੰਭੀਰ ਇਲਜ਼ਾਮ
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਵਿਰੋਧੀ ਧਿਰਾਂ ਦੇ ਆਗੂਆਂ ਨੇ ਪੁਲਿਸ ’ਤੇ ਹਿਰਾਸਤ ਦੌਰਾਨ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।

ਸੰਗਰੂਰ
ਬਿਊਰੋ ਰਿਪੋਰਟ
ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਕਾਲਾ ਝੰਡਾ ਦਿਖਾ ਕੇ ਵਿਰੋਧ ਕਰਨ ਵਾਲੇ ਨੌਜਵਾਨ ਮੋਹਨਜੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਵਿਰੋਧੀ ਧਿਰਾਂ ਦੇ ਆਗੂਆਂ ਨੇ ਪੁਲਿਸ ’ਤੇ ਹਿਰਾਸਤ ਦੌਰਾਨ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।
ਪਰਿਵਾਰ ਅਤੇ ਸਿਆਸੀ ਆਗੂਆਂ ਨੇ ਮੰਗ ਕੀਤੀ ਹੈ ਕਿ ਮੋਹਨਜੀਤ ਸਿੰਘ ਦਾ ਮੈਡੀਕਲ ਆਮ ਜਾਂਚ ਦੀ ਬਜਾਏ ਡਾਕਟਰਾਂ ਦੇ ਵਿਸ਼ੇਸ਼ ਬੋਰਡ ਤੋਂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਥਿਤ ਤੌਰ ’ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਮੋਹਨਜੀਤ ਸਿੰਘ ਦੇ ਚਾਚਾ ਮਾਸਟਰ ਬਲਦੇਵ ਸਿੰਘ ਸ਼ੇਰੋਂ ਮੁਤਾਬਕ ਮੋਹਨਜੀਤ ਕਾਫ਼ੀ ਸਮੇਂ ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੀ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਨਸ਼ਿਆਂ ’ਤੇ ਕਾਬੂ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸ਼ੇਰੋਂ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਮੌਜੂਦ ਹੈ।
ਪਰਿਵਾਰ ਨੇ ਦੱਸਿਆ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਦੀ ਪਿੰਡ ਸ਼ੇਰੋਂ ਵਿੱਚ ਲੋਕ ਮਿਲਣੀ ਰੱਖੀ ਗਈ ਸੀ। ਮੋਹਨਜੀਤ ਸਿੰਘ ਇਸ ਦੌਰਾਨ ਮੁੱਖ ਮੰਤਰੀ ਦੇ ਸਾਹਮਣੇ ਇਲਾਕੇ ਵਿੱਚ ਨਸ਼ਿਆਂ ਨਾਲ ਜੁੜਿਆ ਮੁੱਦਾ ਚੁੱਕਣਾ ਚਾਹੁੰਦਾ ਸੀ। ਪਰ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋ ਸਕਣ ਕਾਰਨ ਉਹ ਇੱਕ ਮਕਾਨ ਦੀ ਛੱਤ ’ਤੇ ਚੜ੍ਹ ਗਿਆ ਅਤੇ ਕਾਲਾ ਝੰਡਾ ਲਹਿਰਾ ਕੇ ਆਪਣਾ ਵਿਰੋਧ ਦਰਜ ਕਰਵਾਉਣ ਲੱਗਾ।
ਜਾਣਕਾਰੀ ਮਿਲਣ ’ਤੇ ਡੀਐਸਪੀ ਸੁਨਾਮ ਅਤੇ ਐਸਐਚਓ ਚੀਮਾ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮੋਹਨਜੀਤ ਸਿੰਘ ਦੇ ਨਾਲ ਉਸਦੇ ਇੱਕ ਸਾਥੀ ਨੂੰ ਵੀ ਕਾਬੂ ਕਰ ਲਿਆ, ਜੋ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਹਿਰਾਸਤ ਦੌਰਾਨ ਦੋਵਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ।
ਮੋਹਨਜੀਤ ਸਿੰਘ ਨੂੰ ਸੰਗਰੂਰ ਸਿਵਲ ਹਸਪਤਾਲ ਲੈ ਕੇ ਪਹੁੰਚੇ ਭਾਜਪਾ ਆਗੂ ਦਾਮਨ ਬਾਜਵਾ, ਹਰਮਨਦੇਵ ਬਾਜਵਾ, ਕਾਂਗਰਸੀ ਆਗੂ ਰਾਜਿੰਦਰ ਦੀਪਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸਤਨਾਮ ਸਿੰਘ ਰੱਤੋਕੇ, ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਵਕੀਲ ਮਨਪ੍ਰੀਤ ਸਿੰਘ ਨਮੋਲ ਨੇ ਵੀ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕੇ।
ਆਗੂਆਂ ਮੁਤਾਬਕ ਸੁਨਾਮ ਦੇ ਹਸਪਤਾਲ ਵਿੱਚ ਨੌਜਵਾਨ ਦਾ ਮੈਡੀਕਲ ਢੰਗ ਨਾਲ ਨਹੀਂ ਕੀਤਾ ਗਿਆ ਅਤੇ ਮਾਮਲਾ ਸਿਰਫ਼ ਰਸਮੀ ਕਾਰਵਾਈ ਤੱਕ ਸੀਮਤ ਰਿਹਾ। ਇਸ ਤੋਂ ਬਾਅਦ ਉਹ ਮੋਹਨਜੀਤ ਸਿੰਘ ਨੂੰ ਸੰਗਰੂਰ ਸਿਵਲ ਹਸਪਤਾਲ ਲੈ ਕੇ ਆਏ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਦਾ ਬੋਰਡ ਗਠਿਤ ਕਰਕੇ ਨੌਜਵਾਨ ਦੀ ਪੂਰੀ ਮੈਡੀਕਲ ਜਾਂਚ ਕਰਵਾਈ ਜਾਵੇ।
ਵਿਰੋਧੀ ਆਗੂਆਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਦਬਾਉਣ ਜਾਂ ਪੀੜਤ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਖ-ਵੱਖ ਸਿਆਸੀ ਧਿਰਾਂ ਇਕੱਠੀਆਂ ਹੋ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕਰਨਗੀਆਂ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਹਿਰਾਸਤ ਦੌਰਾਨ ਕਥਿਤ ਕੁੱਟਮਾਰ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
