ਪੰਜਾਬ ਬੰਦ ਦਾ ਵੱਖ-ਵੱਖ ਸ਼ਹਿਰਾਂ ’ਚ ਵੱਖਰਾ ਅਸਰ, ਅੰਮ੍ਰਿਤਸਰ ’ਚ ਬੱਸ ਸੇਵਾ ਪ੍ਰਭਾਵਿਤ; ਲੁਧਿਆਣਾ ’ਚ ਸੁਰੱਖਿਆ ਵਧਾਈ

ਪੰਜਾਬ ਬੰਦ ਦਾ ਵੱਖ-ਵੱਖ ਸ਼ਹਿਰਾਂ ’ਚ ਵੱਖਰਾ ਅਸਰ, ਅੰਮ੍ਰਿਤਸਰ ’ਚ ਬੱਸ ਸੇਵਾ ਪ੍ਰਭਾਵਿਤ; ਲੁਧਿਆਣਾ ’ਚ ਸੁਰੱਖਿਆ ਵਧਾਈ

ਅੰਮ੍ਰਿਤਸਰ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦਕਿ ਲੁਧਿਆਣਾ ਵਿੱਚ ਸਥਿਤੀ ਮਿਲੀ-ਜੁਲੀ ਰਹੀ। ਸ਼ਹਿਰ ਦੇ ਕੁਝ ਅਦਾਰੇ ਬੰਦ ਰਹੇ, ਜਦਕਿ ਕਈ ਥਾਵਾਂ ’ਤੇ ਆਮ ਗਤੀਵਿਧੀਆਂ ਜਾਰੀ ਰਹੀਆਂ।

ਚੰਡੀਗੜ੍ਹ

ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਪ੍ਰਭਾਵ ਸੂਬੇ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦਕਿ ਲੁਧਿਆਣਾ ਵਿੱਚ ਸਥਿਤੀ ਮਿਲੀ-ਜੁਲੀ ਰਹੀ। ਸ਼ਹਿਰ ਦੇ ਕੁਝ ਅਦਾਰੇ ਬੰਦ ਰਹੇ, ਜਦਕਿ ਕਈ ਥਾਵਾਂ ’ਤੇ ਆਮ ਗਤੀਵਿਧੀਆਂ ਜਾਰੀ ਰਹੀਆਂ।

ਬੱਸਾਂ ਨਾ ਮਿਲਣ ਕਾਰਨ ਅੰਮ੍ਰਿਤਸਰ ਵਿੱਚ ਮੁਸਾਫ਼ਰ ਪਰੇਸ਼ਾਨ

ਅੰਮ੍ਰਿਤਸਰ ਦੇ ਮੁੱਖ ਬੱਸ ਅੱਡੇ ’ਤੇ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਕਈ ਯਾਤਰੀ ਘੰਟਿਆਂ ਤੱਕ ਆਪਣੀ ਮੰਜ਼ਿਲ ਵੱਲ ਜਾਣ ਲਈ ਵਾਹਨ ਦੀ ਉਡੀਕ ਕਰਦੇ ਰਹੇ। ਦੂਰ-ਦੁਰਾਡੇ ਜਾਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਬੱਸ ਅੱਡੇ ’ਤੇ ਮੌਜੂਦ ਜਸਕੀਰਤ ਕੌਰ ਨੇ ਦੱਸਿਆ ਕਿ ਉਹ ਦੇਹਰਾਦੂਨ ਤੋਂ ਅੰਮ੍ਰਿਤਸਰ ਪਹੁੰਚੀ ਹੈ ਅਤੇ ਹੁਣ ਸ੍ਰੀ ਹਰਗੋਬਿੰਦਪੁਰ ਜਾਣਾ ਹੈ। ਉਸ ਨੇ ਕਿਹਾ ਕਿ ਲੰਮਾ ਸਮਾਂ ਉਡੀਕ ਕਰਨ ਦੇ ਬਾਵਜੂਦ ਉਸ ਨੂੰ ਅੱਗੇ ਜਾਣ ਲਈ ਬੱਸ ਨਹੀਂ ਮਿਲੀ।

ਬੱਸ ਅੱਡੇ ’ਤੇ ਕਈ ਹੋਰ ਯਾਤਰੀ ਵੀ ਆਪਣੇ ਸਾਮਾਨ ਸਮੇਤ ਬੱਸਾਂ ਦੇ ਮੁੜ ਚੱਲਣ ਦੀ ਉਡੀਕ ਕਰਦੇ ਦਿਖਾਈ ਦਿੱਤੇ। ਕੁਝ ਲੋਕ ਵੱਖ-ਵੱਖ ਰੂਟਾਂ ਅਤੇ ਵਿਕਲਪਿਕ ਆਵਾਜਾਈ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਕਾਊਂਟਰਾਂ ’ਤੇ ਜਾਂਦੇ ਰਹੇ।

ਲੁਧਿਆਣਾ ਵਿੱਚ ਕਿਤੇ ਬੰਦ, ਕਿਤੇ ਆਮ ਹਾਲਾਤ

ਲੁਧਿਆਣਾ ਵਿੱਚ ਬੰਦ ਦਾ ਪ੍ਰਭਾਵ ਵੱਖ-ਵੱਖ ਇਲਾਕਿਆਂ ਵਿੱਚ ਵੱਖਰਾ ਰਿਹਾ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨਿੱਜੀ ਸਕੂਲਾਂ ਨੇ ਛੁੱਟੀ ਦਾ ਐਲਾਨ ਕੀਤਾ, ਜਦਕਿ ਕਈ ਸਕੂਲ ਅਤੇ ਕਾਲਜ ਆਮ ਤਰ੍ਹਾਂ ਚੱਲਦੇ ਰਹੇ।

ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵੱਲੋਂ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਵਧਾਈ ਗਈ। ਘੰਟਾ ਘਰ, ਚੌੜਾ ਬਾਜ਼ਾਰ ਅਤੇ ਹੋਰ ਪ੍ਰਮੁੱਖ ਚੌਕਾਂ ’ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ।

ਹਾਈਵੇਅ ’ਤੇ ਆਵਾਜਾਈ ਆਮ ਰਹੀ

ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅ-44, ਦਿੱਲੀ ਰੋਡ, ਚੰਡੀਗੜ੍ਹ ਰੋਡ ਅਤੇ ਫ਼ਿਰੋਜ਼ਪੁਰ ਰੋਡ ’ਤੇ ਵਾਹਨਾਂ ਦੀ ਆਵਾਜਾਈ ਆਮ ਤਰੀਕੇ ਨਾਲ ਜਾਰੀ ਰਹੀ। ਇਸ ਤੋਂ ਇਲਾਵਾ ਰੇਲ ਸੇਵਾ ਰੋਕੇ ਜਾਣ ਸਬੰਧੀ ਵੀ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਇਹ ਸਥਿਤੀ ਉਸ ਸਮੇਂ ਦੇਖਣ ਨੂੰ ਮਿਲੀ ਜਦਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਸੜਕੀ ਅਤੇ ਰੇਲ ਆਵਾਜਾਈ ਰੋਕਣ ਦਾ ਸੱਦਾ ਦਿੱਤਾ ਗਿਆ ਸੀ।

ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ

ਬੰਦ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਘੱਟ ਰਹੀ। ਕਈ ਮਾਪਿਆਂ ਨੇ ਸਾਵਧਾਨੀ ਵਰਤਦਿਆਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਰਹੇਜ਼ ਕੀਤਾ।

ਇਸੇ ਦੌਰਾਨ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਪ੍ਰੋਗਰਾਮ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਅੱਜ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਹੁਣ ਇੱਕ ਦਿਨ ਬਾਅਦ, 22 ਅਗਸਤ ਤੋਂ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *