ਦਿੱਲੀ ‘ਚ ਸੁਰੱਖਿਆ ਵਧਾਈ ਗਈ, ਪੱਛਮੀ ਬੰਗਾਲ ਤੋਂ CRPF ਦੀਆਂ 20 ਹੋਰ ਕੰਪਨੀਆਂ ਬੁਲਾਈਆਂ
ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜਧਾਨੀ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੀਆਂ 20 ਵਾਧੂ ਕੰਪਨੀਆਂ ਦਿੱਲੀ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਨਵੀਂ ਦਿੱਲੀ
ਬਿਊਰੋ ਰਿਪੋਰਟ
NEET ਪੇਪਰ ਲੀਕ ਮਾਮਲੇ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜਧਾਨੀ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੀਆਂ 20 ਵਾਧੂ ਕੰਪਨੀਆਂ ਦਿੱਲੀ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਅਧਿਕਾਰੀਆਂ ਮੁਤਾਬਕ CJP ਦੇ ਪ੍ਰਦਰਸ਼ਨਾਂ ਅਤੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਕੀਤੇ ਜਾ ਰਹੇ ਧਰਨਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਦੇਰ ਰਾਤ ਹੁਕਮ ਜਾਰੀ ਹੋਣ ਮਗਰੋਂ ਇਹ 20 ਕੰਪਨੀਆਂ ਹਵਾਈ ਰਸਤੇ ਰਾਹੀਂ ਪੱਛਮੀ ਬੰਗਾਲ ਤੋਂ ਦਿੱਲੀ ਭੇਜੀਆਂ ਜਾ ਰਹੀਆਂ ਹਨ।
ਸੁਰੱਖਿਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਸੰਸਦੀ ਸੈਸ਼ਨ, CJP ਦੇ ਵਿਰੋਧ ਪ੍ਰਦਰਸ਼ਨਾਂ ਅਤੇ ਹੋਰ ਸਿਆਸੀ ਗਤੀਵਿਧੀਆਂ ਨੂੰ ਵੇਖਦਿਆਂ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਹਾਲ ਹੀ ਵਿੱਚ ਕੁਝ ਥਾਵਾਂ ‘ਤੇ ਹੋਈਆਂ ਹਿੰਸਕ ਝੜਪਾਂ ਨੂੰ ਵੀ ਇਸ ਤੁਰੰਤ ਤਾਇਨਾਤੀ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਦਿੱਲੀ ਵਿੱਚ ਪਹਿਲਾਂ ਤੋਂ 30 ਕੰਪਨੀਆਂ ਤਾਇਨਾਤ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਕੰਪਨੀਆਂ ਕੁਝ ਮਹੀਨੇ ਪਹਿਲਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਭੇਜੀਆਂ ਗਈਆਂ ਸਨ ਅਤੇ ਚੋਣਾਂ ਤੋਂ ਬਾਅਦ ਰਾਜ ਸਰਕਾਰ ਦੀ ਬੇਨਤੀ ‘ਤੇ ਉੱਥੇ ਹੀ ਤਾਇਨਾਤ ਰਹੀਆਂ। ਇੱਕ CRPF ਕੰਪਨੀ ਵਿੱਚ ਕਰੀਬ 100 ਜਵਾਨ ਹੁੰਦੇ ਹਨ, ਜਿਸ ਹਿਸਾਬ ਨਾਲ ਲਗਭਗ 2,000 ਸੁਰੱਖਿਆ ਕਰਮਚਾਰੀ ਦਿੱਲੀ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਦੀ ਮਦਦ ਲਈ CRPF ਅਤੇ ਇਸ ਦੀ ਦੰਗਾ ਵਿਰੋਧੀ ਇਕਾਈ ਰੈਪਿਡ ਐਕਸ਼ਨ ਫੋਰਸ (RAF) ਦੀਆਂ ਕਰੀਬ 30 ਕੰਪਨੀਆਂ ਰਾਜਧਾਨੀ ਵਿੱਚ ਤਾਇਨਾਤ ਹਨ, ਤਾਂ ਜੋ ਮਾਨਸੂਨ ਸੈਸ਼ਨ ਅਤੇ ਜਾਰੀ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਪ੍ਰਬੰਧ ਸੁਚਾਰੂ ਰਹਿਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
