‘ਮਾਵਾਂ-ਧੀਆਂ ਸਨਮਾਨ ਯੋਜਨਾ’ ਦੀ ਰਜਿਸਟ੍ਰੇਸ਼ਨ ਦੌਰਾਨ ਕਥਿਤ ਗੜਬੜ, 62 ਮਹਿਲਾਵਾਂ ਲਈ ਇੱਕੋ ਬੈਂਕ ਖਾਤਾ ਦਰਜ; ਆਂਗਣਵਾੜੀ ਵਰਕਰ ਤੇ ਪੁੱਤਰ ਖ਼ਿਲਾਫ਼ ਮਾਮਲਾ
ਦੋਸ਼ ਹੈ ਕਿ ਰਜਿਸਟ੍ਰੇਸ਼ਨ ਦੌਰਾਨ 62 ਮਹਿਲਾਵਾਂ ਦੇ ਫਾਰਮਾਂ ਵਿੱਚ ਇੱਕੋ ਬੈਂਕ ਖਾਤਾ ਨੰਬਰ ਭਰਿਆ ਗਿਆ।

ਤਰਨਤਾਰਨ
ਬਿਊਰੋ ਰਿਪੋਰਟ
ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਨਮਾਨ ਯੋਜਨਾ’ ਤਹਿਤ ਤਰਨਤਾਰਨ ਦੇ ਚੋਹਲਾ ਸਾਹਿਬ ਬਲਾਕ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦਸਤਾਵੇਜ਼ਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਖਡੂਰ ਸਾਹਿਬ ਹਲਕੇ ਦੀਆਂ 62 ਮਹਿਲਾਵਾਂ ਦੀਆਂ ਅਰਜ਼ੀਆਂ ਵਿੱਚ ਇੱਕੋ ਹੀ ਬੈਂਕ ਖਾਤਾ ਨੰਬਰ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਖਾਤਾ ਕਿਸੇ ਲਾਭਪਾਤਰੀ ਦਾ ਨਹੀਂ, ਸਗੋਂ ਇੱਕ ਆਂਗਣਵਾੜੀ ਵਰਕਰ ਦੇ ਪੁੱਤਰ ਦੇ ਨਾਮ ‘ਤੇ ਹੈ।
ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਂਗਣਵਾੜੀ ਵਰਕਰ ਜਤਿੰਦਰ ਕੌਰ ਅਤੇ ਉਸਦੇ ਪੁੱਤਰ ਗੁਰਬਾਜ਼ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਤਿੰਦਰ ਕੌਰ ਨੂੰ ਆਪਣੇ ਖੇਤਰ ਦੀਆਂ ਯੋਗ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਦੋਸ਼ ਹੈ ਕਿ ਰਜਿਸਟ੍ਰੇਸ਼ਨ ਦੌਰਾਨ 62 ਮਹਿਲਾਵਾਂ ਦੇ ਫਾਰਮਾਂ ਵਿੱਚ ਇੱਕੋ ਬੈਂਕ ਖਾਤਾ ਨੰਬਰ ਭਰਿਆ ਗਿਆ। ਜਦੋਂ ਚੰਡੀਗੜ੍ਹ ਪੱਧਰ ‘ਤੇ ਅਰਜ਼ੀਆਂ ਦੀ ਜਾਂਚ ਕੀਤੀ ਗਈ ਤਾਂ ਇਹ ਗੜਬੜ ਸਾਹਮਣੇ ਆਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਪੁੱਤਰ ਦੇ ਖਾਤੇ ਦੀ ਵਰਤੋਂ ਕਰਨ ਦਾ ਦੋਸ਼
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਜਿਸ ਬੈਂਕ ਖਾਤੇ ਦਾ ਨੰਬਰ ਸਾਰੀਆਂ ਅਰਜ਼ੀਆਂ ਵਿੱਚ ਦਰਜ ਸੀ, ਉਹ ਗੁਰਬਾਜ਼ ਸਿੰਘ ਦੇ ਨਾਮ ‘ਤੇ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਆਂਗਣਵਾੜੀ ਵਰਕਰ ਨੇ ਆਪਣਾ ਲਾਗਇਨ ਅਤੇ ਪਾਸਵਰਡ ਪੁੱਤਰ ਨਾਲ ਸਾਂਝਾ ਕੀਤਾ ਹੋਇਆ ਸੀ। ਦੋਸ਼ ਹੈ ਕਿ ਗੁਰਬਾਜ਼ ਸਿੰਘ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਕਰਦਾ ਰਿਹਾ ਅਤੇ ਅਰਜ਼ੀਆਂ ਵਿੱਚ ਆਪਣਾ ਹੀ ਬੈਂਕ ਖਾਤਾ ਦਰਜ ਕਰਦਾ ਗਿਆ। ਜੇਕਰ ਸਮੇਂ ਸਿਰ ਤਸਦੀਕ ਨਾ ਹੁੰਦੀ ਤਾਂ ਯੋਜਨਾ ਦੀ ਰਕਮ ਗਲਤ ਖਾਤੇ ਵਿੱਚ ਟਰਾਂਸਫਰ ਹੋ ਸਕਦੀ ਸੀ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਸਥਿਤ ਵਿਭਾਗੀ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਪੱਸ਼ਟੀਕਰਨ ਮੰਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਸਥਾਨਕ ਪੱਧਰ ‘ਤੇ ਜਾਂਚ ਕਰਵਾਈ ਗਈ। ਪਹਿਲੀ ਨਜ਼ਰ ਵਿੱਚ ਗੜਬੜ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੂੰ ਕਾਨੂੰਨੀ ਕਾਰਵਾਈ ਲਈ ਲਿਖਤੀ ਸ਼ਿਕਾਇਤ ਭੇਜੀ ਗਈ।
ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀਡੀਪੀਓ) ਨਿਵੇਦਿਤਾ ਕੁਮਰਾ ਦੀ ਸ਼ਿਕਾਇਤ ‘ਤੇ ਗੋਇੰਦਵਾਲ ਸਾਹਿਬ ਪੁਲਿਸ ਨੇ ਜਤਿੰਦਰ ਕੌਰ ਅਤੇ ਗੁਰਬਾਜ਼ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਵਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਸਐਚਓ ਬਲਜੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਤਾਂ ਨਹੀਂ ਸੀ।
ਸਾਰੀਆਂ ਅਰਜ਼ੀਆਂ ਦੀ ਹੋ ਰਹੀ ਜਾਂਚ
ਪ੍ਰਸ਼ਾਸਨ ਨੇ ਕਿਹਾ ਹੈ ਕਿ ‘ਮਾਵਾਂ-ਧੀਆਂ ਸਨਮਾਨ ਯੋਜਨਾ’ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੀਆਂ ਅਰਜ਼ੀਆਂ ਦੀ ਪੜਾਅਵਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਿਰਫ਼ ਯੋਗ ਮਹਿਲਾਵਾਂ ਨੂੰ ਹੀ ਯੋਜਨਾ ਦਾ ਲਾਭ ਮਿਲੇ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਕਿਸੇ ਹੋਰ ਕਰਮਚਾਰੀ ਦੀ ਮਿਲੀਭੁਗਤ ਜਾਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
