ਸੇਵਾ ਕੇਂਦਰ ‘ਚ ਵਿਧਾਇਕ ਦੀ ਛਾਪੇਮਾਰੀ, ਰਿਸ਼ਵਤਖੋਰੀ ਤੇ ਦਲਾਲੀ ਦੇ ਦੋਸ਼ਾਂ ‘ਤੇ ਸਟਾਫ਼ ਦੀ ਕੀਤੀ ਖਿੱਚਾਈ

ਸੇਵਾ ਕੇਂਦਰ ‘ਚ ਵਿਧਾਇਕ ਦੀ ਛਾਪੇਮਾਰੀ, ਰਿਸ਼ਵਤਖੋਰੀ ਤੇ ਦਲਾਲੀ ਦੇ ਦੋਸ਼ਾਂ ‘ਤੇ ਸਟਾਫ਼ ਦੀ ਕੀਤੀ ਖਿੱਚਾਈ

ਲੋਕਾਂ ਨੂੰ ਜਾਣਬੁੱਝ ਕੇ ਵਾਰ-ਵਾਰ ਚੱਕਰ ਲਗਵਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਸਕਣ। ਇਹ ਗੈਰ-ਕਾਨੂੰਨੀ ਰਵੱਈਆ ਤੁਰੰਤ ਬੰਦ ਕੀਤਾ ਜਾਵੇ।”

ਲੁਧਿਆਣਾ

ਬਿਊਰੋ ਰਿਪੋਰਟ

ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਾਕੋਵਾਲ ਰੋਡ ਸਥਿਤ ਸੇਵਾ ਕੇਂਦਰ ਵਿੱਚ ਅਚਨਚੇਤ ਜਾਂਚ ਕਰਕੇ ਕਥਿਤ ਬੇਨਿਯਮੀਆਂ ‘ਤੇ ਸਖ਼ਤ ਨਾਰਾਜ਼ਗੀ ਜਤਾਈ। ਜਾਂਚ ਦੌਰਾਨ ਉਨ੍ਹਾਂ ਨੇ ਕਰਮਚਾਰੀਆਂ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ, “ਤੁਹਾਡੀ ਬਾਹਰ ਬੈਠੇ ਦਲਾਲਾਂ ਨਾਲ ਮਿਲੀਭੁਗਤ ਹੈ। ਲੋਕਾਂ ਨੂੰ ਜਾਣਬੁੱਝ ਕੇ ਵਾਰ-ਵਾਰ ਚੱਕਰ ਲਗਵਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਸਕਣ। ਇਹ ਗੈਰ-ਕਾਨੂੰਨੀ ਰਵੱਈਆ ਤੁਰੰਤ ਬੰਦ ਕੀਤਾ ਜਾਵੇ।”

ਜਾਣਕਾਰੀ ਅਨੁਸਾਰ ਕਾਫ਼ੀ ਸਮੇਂ ਤੋਂ ਸੇਵਾ ਕੇਂਦਰ ਖ਼ਿਲਾਫ਼ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਮੁਲਾਜ਼ਮ ਲੋਕਾਂ ਨਾਲ ਠੀਕ ਵਿਵਹਾਰ ਨਹੀਂ ਕਰਦੇ ਅਤੇ ਕੰਮ ਕਰਵਾਉਣ ਦੇ ਨਾਂ ‘ਤੇ ਕਥਿਤ ਤੌਰ ‘ਤੇ ਰਿਸ਼ਵਤ ਮੰਗੀ ਜਾਂਦੀ ਹੈ। ਇਨ੍ਹਾਂ ਸ਼ਿਕਾਇਤਾਂ ਦੀ ਪੁਸ਼ਟੀ ਕਰਨ ਲਈ ਵਿਧਾਇਕ ਖੁਦ ਸੇਵਾ ਕੇਂਦਰ ਪਹੁੰਚੇ ਅਤੇ ਉੱਥੇ ਚੱਲ ਰਹੇ ਕੰਮਕਾਜ ਦਾ ਨਿਰੀਖਣ ਕੀਤਾ।

‘ਸਾਹਮਣੇ ਆ ਕੇ ਮੇਰੀਆਂ ਅੱਖਾਂ ਵਿੱਚ ਦੇਖ ਕੇ ਗੱਲ ਕਰ’

ਜਾਂਚ ਦੌਰਾਨ ਵਿਧਾਇਕ ਨੇ ਕਰਮਚਾਰੀਆਂ ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਉਠਾਏ। ਇੱਕ ਵਿਅਕਤੀ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਬਣਵਾਉਣ ਲਈ ਆਇਆ ਹੋਇਆ ਸੀ, ਪਰ ਸੁਰੱਖਿਆ ਕਰਮਚਾਰੀਆਂ ਅਤੇ ਸਟਾਫ਼ ਵੱਲੋਂ ਉਸ ਨੂੰ ਇਹ ਕਹਿ ਕੇ ਵਾਪਸ ਭੇਜਿਆ ਜਾ ਰਿਹਾ ਸੀ ਕਿ ਇਹ ਕੰਮ ਨਹੀਂ ਹੋ ਸਕਦਾ। ਜਦੋਂ ਵਿਧਾਇਕ ਨੇ ਇਸ ਸਬੰਧੀ ਸਵਾਲ ਕੀਤੇ ਤਾਂ ਕਰਮਚਾਰੀ ਸਪੱਸ਼ਟ ਜਵਾਬ ਦੇਣ ਦੀ ਬਜਾਏ ਗੱਲਾਂ ਘੁਮਾਉਣ ਲੱਗੇ, ਜਿਸ ਕਾਰਨ ਭੋਲਾ ਗਰੇਵਾਲ ਗੁੱਸੇ ਵਿੱਚ ਆ ਗਏ।

ਉਨ੍ਹਾਂ ਨੇ ਇੱਕ ਮੁਲਾਜ਼ਮ ਨੂੰ ਕੋਲ ਬੁਲਾ ਕੇ ਕਿਹਾ, “ਆ ਇੱਥੇ, ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ। ਜੋ ਕਹਿਣਾ ਹੈ ਸਾਹਮਣੇ ਖੜ੍ਹ ਕੇ ਕਹਿ।” ਵਿਧਾਇਕ ਨੇ ਦੋਸ਼ ਲਾਇਆ ਕਿ ਸੇਵਾ ਕੇਂਦਰ ਦਾ ਕੁਝ ਸਟਾਫ਼ ਲੋਕਾਂ ਨੂੰ ਜਾਣਬੁੱਝ ਕੇ ਬਾਹਰ ਬੈਠੇ ਏਜੰਟਾਂ ਕੋਲ ਭੇਜਦਾ ਹੈ, ਜਿੱਥੇ ਪਹਿਲਾਂ ਤੋਂ ਬਣੀ ਮਿਲੀਭੁਗਤ ਰਾਹੀਂ ਉਨ੍ਹਾਂ ਤੋਂ ਵਾਧੂ ਪੈਸੇ ਵਸੂਲੇ ਜਾਂਦੇ ਹਨ।

ਔਰਤ ਨੇ ਸੁਣਾਈ ਤਿੰਨ ਦਿਨਾਂ ਦੀ ਪਰੇਸ਼ਾਨੀ

ਮੌਕੇ ‘ਤੇ ਮੌਜੂਦ ਲੋਕਾਂ ਨੇ ਵੀ ਆਪਣੀਆਂ ਸਮੱਸਿਆਵਾਂ ਵਿਧਾਇਕ ਸਾਹਮਣੇ ਰੱਖੀਆਂ। ਇੱਕ ਔਰਤ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਕੰਮ ਲਈ ਸੇਵਾ ਕੇਂਦਰ ਦੇ ਚੱਕਰ ਕੱਟ ਰਹੀ ਹੈ। ਉਸ ਨੇ ਕਿਹਾ, “ਅੱਜ ਤੀਜਾ ਦਿਨ ਹੈ। 60 ਟੋਕਨ ਜਾਰੀ ਹੋ ਗਏ, ਪਰ ਜਦੋਂ ਮੈਂ ਆਪਣੀ ਵਾਰੀ ਲਈ ਬੇਨਤੀ ਕੀਤੀ ਤਾਂ ਮੈਨੂੰ ਕਿਹਾ ਗਿਆ ਕਿ ਹੁਣ ਕੋਈ ਟੋਕਨ ਨਹੀਂ ਮਿਲੇਗਾ।”

ਇਸ ਮੌਕੇ ਵਿਧਾਇਕ ਨੇ ਸੇਵਾ ਕੇਂਦਰ ਵਿੱਚ ਲੱਗੇ ਸਰਕਾਰੀ ਪੋਸਟਰ ਵੱਲ ਇਸ਼ਾਰਾ ਕਰਦਿਆਂ ਕਿਹਾ, “‘ਭਗਵੰਤ ਮਾਨ ਸਰਕਾਰ, ਤੁਹਾਡੇ ਦਰਬਾਰ’ ਦਾ ਨਾਅਰਾ ਤਾਂ ਲਿਖਿਆ ਹੋਇਆ ਹੈ, ਪਰ ਹਕੀਕਤ ਵਿੱਚ ਲੋਕਾਂ ਨੂੰ ਬਿਨਾਂ ਵਜ੍ਹਾ ਧੱਕੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *