328 ਪਾਵਨ ਸਰੂਪ ਮਾਮਲਾ: ਐਸਆਈਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਗਹਿਰਾਈ ਨਾਲ ਜਾਂਚ, ਤਿੰਨ ਘੰਟੇ ਤੱਕ ਕੀਤੀ ਪੜਤਾਲ

328 ਪਾਵਨ ਸਰੂਪ ਮਾਮਲਾ: ਐਸਆਈਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਗਹਿਰਾਈ ਨਾਲ ਜਾਂਚ, ਤਿੰਨ ਘੰਟੇ ਤੱਕ ਕੀਤੀ ਪੜਤਾਲ

ਟੀਮ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਨਾਲ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਦੌਰਾ ਕਰਕੇ ਪਾਵਨ ਸਰੂਪਾਂ ਦੀ ਛਪਾਈ, ਸੰਭਾਲ ਅਤੇ ਵੰਡ ਨਾਲ ਜੁੜੀ ਸਮੁੱਚੀ ਪ੍ਰਕਿਰਿਆ ਦਾ ਬਰੀਕੀ ਨਾਲ ਮੁਆਇਨਾ ਕੀਤਾ।

ਸ੍ਰੀ ਅਮ੍ਰਿਤਸਰ ਸਾਹਿਬ

ਬਿਊਰੋ ਰਿਪੋਰਟ

328 ਪਾਵਨ ਸਰੂਪਾਂ ਨਾਲ ਸਬੰਧਤ ਮਾਮਲੇ ਦੀ ਜਾਂਚ ਹੁਣ ਨਿਰਣਾਇਕ ਪੜਾਅ ਵੱਲ ਵੱਧ ਰਹੀ ਹੈ। ਇਸ ਕੇਸ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਡੀਆਈਜੀ ਨਾਨਕ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਪਹੁੰਚੀ। ਟੀਮ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਨਾਲ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਦੌਰਾ ਕਰਕੇ ਪਾਵਨ ਸਰੂਪਾਂ ਦੀ ਛਪਾਈ, ਸੰਭਾਲ ਅਤੇ ਵੰਡ ਨਾਲ ਜੁੜੀ ਸਮੁੱਚੀ ਪ੍ਰਕਿਰਿਆ ਦਾ ਬਰੀਕੀ ਨਾਲ ਮੁਆਇਨਾ ਕੀਤਾ।

ਲਗਭਗ ਤਿੰਨ ਘੰਟੇ ਤੱਕ ਚੱਲੀ ਇਸ ਜਾਂਚ ਦੌਰਾਨ ਐਸਆਈਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੀ ਵਿਧੀ, ਉਨ੍ਹਾਂ ਦੀ ਸੰਭਾਲ, ਭੇਟ ਪ੍ਰਾਪਤ ਕਰਨ ਦੇ ਪ੍ਰਬੰਧ ਅਤੇ ਸਰੂਪਾਂ ਦੀ ਵੰਡ ਨਾਲ ਸਬੰਧਤ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਸਬੰਧਤ ਕਰਮਚਾਰੀਆਂ ਨਾਲ ਰਸਮੀ ਅਤੇ ਗੈਰ-ਰਸਮੀ ਤੌਰ ‘ਤੇ ਵਿਸਥਾਰਪੂਰਵਕ ਗੱਲਬਾਤ ਵੀ ਕੀਤੀ ਗਈ।

ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਨਾਨਕ ਸਿੰਘ ਨੇ ਕਿਹਾ ਕਿ ਐਸਆਈਟੀ ਦੀ ਜਾਂਚ ਹੁਣ ਕਾਫ਼ੀ ਅੱਗੇ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਟੀਮ ਹਰ ਤੱਥ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਮਾਮਲੇ ਨੂੰ ਜਲਦ ਤੋਂ ਜਲਦ ਤਰਕਸੰਗਤ ਨਤੀਜੇ ਤੱਕ ਪਹੁੰਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਖੁਦ ਛਪਾਈ ਕੇਂਦਰ ਦਾ ਦੌਰਾ ਕਰਕੇ ਪੂਰੀ ਪ੍ਰਕਿਰਿਆ ਨੂੰ ਸਮਝਿਆ ਹੈ ਕਿ ਪਾਵਨ ਸਰੂਪ ਕਿਸ ਤਰ੍ਹਾਂ ਛਾਪੇ ਜਾਂਦੇ ਹਨ, ਕਿਵੇਂ ਸੰਭਾਲੇ ਜਾਂਦੇ ਹਨ ਅਤੇ ਸੰਗਤ ਨੂੰ ਕਿਹੜੇ ਤਰੀਕੇ ਨਾਲ ਭੇਟ ਕੀਤੇ ਜਾਂਦੇ ਹਨ।

ਡੀਆਈਜੀ ਨਾਨਕ ਸਿੰਘ ਨੇ ਇਹ ਵੀ ਦੱਸਿਆ ਕਿ ਜਾਂਚ ਲਈ ਲੋੜੀਂਦਾ ਰਿਕਾਰਡ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਉਪਲਬਧ ਕਰਵਾਇਆ ਜਾ ਰਿਹਾ ਹੈ। ਪਹਿਲਾਂ ਵੀ ਕਈ ਦਸਤਾਵੇਜ਼ ਐਸਆਈਟੀ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਵੀ ਜਦੋਂ ਵੀ ਕਿਸੇ ਰਿਕਾਰਡ ਦੀ ਲੋੜ ਪੈਂਦੀ ਹੈ, ਉਹ ਬਿਨਾਂ ਦੇਰੀ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਰਿਕਾਰਡ ਅਤੇ ਹੁਣ ਤੱਕ ਇਕੱਠੇ ਕੀਤੇ ਹੋਰ ਸਬੂਤਾਂ ਦੇ ਆਧਾਰ ‘ਤੇ ਹੀ ਜਾਂਚ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਐਸਆਈਟੀ ਦੀ ਇਸ ਕਾਰਵਾਈ ਨੂੰ ਜਾਂਚ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਐਸਆਈਟੀ ਦੀ ਅੰਤਿਮ ਰਿਪੋਰਟ ‘ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਇਹ ਸਪੱਸ਼ਟ ਹੋਵੇਗਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਅਤੇ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *