ਕਥਿਤ ਵਾਇਰਲ ਵੀਡੀਓ ਮਾਮਲਾ: ਸੀਐਮ ਮਾਨ ਨੇ ਪੇਸ਼ ਕੀਤੇ ਨਵੇਂ ਸਬੂਤ, ਮਾਸਕ ਦੀ ਵਰਤੋਂ ਹੋਣ ਦਾ ਕੀਤਾ ਦਾਅਵਾ
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਵੀਡੀਓ ਦੇ ਕਈ ਹਿੱਸੇ ਦਿਖਾਉਂਦਿਆਂ ਦਾਅਵਾ ਕੀਤਾ ਕਿ ਇਸ ਵਿੱਚ ਨਜ਼ਰ ਆ ਰਿਹਾ ਵਿਅਕਤੀ ਮਾਸਕ ਪਹਿਨੇ ਹੋਏ ਹੈ, ਜਿਸ ਨੂੰ ਧਿਆਨ ਨਾਲ ਵੇਖਣ ‘ਤੇ ਪਛਾਣਿਆ ਜਾ ਸਕਦਾ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਜਨਤਕ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀ ਵੀਡੀਓ ਪੂਰੀ ਤਰ੍ਹਾਂ ਬਣਾਵਟੀ ਹੈ ਅਤੇ ਇਸ ਦਾ ਮਕਸਦ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਵੀਡੀਓ ਦੇ ਕਈ ਹਿੱਸੇ ਦਿਖਾਉਂਦਿਆਂ ਦਾਅਵਾ ਕੀਤਾ ਕਿ ਇਸ ਵਿੱਚ ਨਜ਼ਰ ਆ ਰਿਹਾ ਵਿਅਕਤੀ ਮਾਸਕ ਪਹਿਨੇ ਹੋਏ ਹੈ, ਜਿਸ ਨੂੰ ਧਿਆਨ ਨਾਲ ਵੇਖਣ ‘ਤੇ ਪਛਾਣਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਵੀਡੀਓ ਦੇ ਵੱਖ-ਵੱਖ ਦ੍ਰਿਸ਼ਾਂ ਅਤੇ ਤਸਵੀਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਅਜਿਹੇ ਤੱਥ ਮੌਜੂਦ ਹਨ ਜੋ ਸਾਬਤ ਕਰਦੇ ਹਨ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਗਲੇ ‘ਤੇ ਆਪ੍ਰੇਸ਼ਨ ਦਾ ਨਿਸ਼ਾਨ ਹੈ, ਜਦਕਿ ਕਥਿਤ ਵਾਇਰਲ ਵੀਡੀਓ ਵਿੱਚ ਅਜਿਹਾ ਕੋਈ ਨਿਸ਼ਾਨ ਨਹੀਂ ਦਿਸਦਾ।

ਜਗਮਨ ਸਮਰਾ ਸਬੰਧੀ ਕੀਤੇ ਦਾਅਵੇ
ਸੀਐਮ ਮਾਨ ਨੇ ਦਾਅਵਾ ਕੀਤਾ ਕਿ ਇਸ ਵੀਡੀਓ ਨੂੰ ਫੈਲਾਉਣ ਦੇ ਪਿੱਛੇ ਜਗਮਨ ਸਮਰਾ ਦੀ ਭੂਮਿਕਾ ਰਹੀ ਹੈ। ਉਨ੍ਹਾਂ ਇੱਕ ਹੋਰ ਵੀਡੀਓ ਵੀ ਦਿਖਾਈ, ਜਿਸ ਵਿੱਚ ਜਗਮਨ ਸਮਰਾ ਦੇ ਹੱਥ ਵਿੱਚ ਇੱਕ ਮਾਸਕ ਦਿਖਾਈ ਦੇ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮਾਸਕ ਦੀ ਡਿਲੀਵਰੀ ਮਿਲਣ ਤੋਂ ਬਾਅਦ ਬਣਾਈ ਗਈ ਇਸ ਵੀਡੀਓ ਤੋਂ ਇਹ ਸੰਕੇਤ ਮਿਲਦੇ ਹਨ ਕਿ ਇਹ ਉਹੀ ਮਾਸਕ ਹੋ ਸਕਦਾ ਹੈ ਜੋ ਕਥਿਤ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਵਰਤਿਆ ਸੀ।
ਵਿਰੋਧੀ ਧਿਰਾਂ ‘ਤੇ ਲਗਾਏ ਦੋਸ਼
ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ‘ਤੇ ਵੀ ਤਿੱਖੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਅਲੀ ਵੀਡੀਓ ਤਿਆਰ ਕਰਕੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਮੁੱਦੇ ਨੂੰ ਧਾਰਮਿਕ ਰੰਗ ਦੇਣ ਲਈ ਕੁਝ ਲੋਕਾਂ ਵੱਲੋਂ ਧਾਰਮਿਕ ਮੰਚਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਸਿਆਸੀ ਤਾਕਤਾਂ ਆਪਣੇ ਮਕਸਦਾਂ ਲਈ ਧਾਰਮਿਕ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਤੋਂ ਬਿਆਨ ਜਾਰੀ ਕਰਵਾ ਰਹੀਆਂ ਹਨ।
ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰਾਂ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਉਨ੍ਹਾਂ ਬੇਅਦਬੀ ਰੋਕੂ ਕਾਨੂੰਨ, ਪਾਲਕੀ ਸਾਹਿਬ ‘ਤੇ ਟੈਕਸ ਛੋਟ, ਤਿੰਨ ਪਵਿੱਤਰ ਸ਼ਹਿਰਾਂ ਨੂੰ ਵਿਸ਼ੇਸ਼ ਦਰਜਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਰਗੇ ਫ਼ੈਸਲਿਆਂ ਨੂੰ ਆਪਣੀਆਂ ਵੱਡੀਆਂ ਉਪਲਬਧੀਆਂ ਵਜੋਂ ਗਿਣਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਵਿਰੋਧੀ ਧਿਰਾਂ ਇਨ੍ਹਾਂ ਕੰਮਾਂ ਦਾ ਰਾਜਨੀਤਿਕ ਤੌਰ ‘ਤੇ ਮੁਕਾਬਲਾ ਨਹੀਂ ਕਰ ਸਕਦੀਆਂ, ਇਸ ਲਈ ਉਹ ਨਿੱਜੀ ਹਮਲਿਆਂ ਅਤੇ ਵਿਵਾਦਾਂ ਦਾ ਸਹਾਰਾ ਲੈ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
