ਪੰਜਾਬ ‘ਚ ਗਰਮੀ ਹੋਈ ਹੋਰ ਤਿੱਖੀ, 4 ਜ਼ਿਲ੍ਹਿਆਂ ਲਈ ਅੱਜ ਲੂ ਦਾ ਅਲਰਟ, ਅਗਲੇ ਤਿੰਨ ਦਿਨਾਂ ਦੇ ਮੌਸਮ ਬਾਰੇ ਜਾਣੋ
ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਗਰਮੀ ਦਾ ਪ੍ਰਭਾਵ ਵੱਧ ਰਹਿਣ ਦੀ ਸੰਭਾਵਨਾ ਹੈ। 10 ਜੂਨ ਨੂੰ ਪੂਰੇ ਪੰਜਾਬ ਵਿੱਚ ਲੂ ਦਾ ਪੀਲਾ ਅਲਰਟ ਲਾਗੂ ਰਹੇਗਾ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਅੱਜ ਲੂ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਦੇ ਕੁਝ ਖੇਤਰਾਂ ਵਿੱਚ ਅੱਜ ਤਿੱਖੀ ਗਰਮੀ ਅਤੇ ਲੂ ਚੱਲਣ ਦੀ ਸੰਭਾਵਨਾ ਹੈ। ਸੂਬੇ ਭਰ ਵਿੱਚ ਅੱਜ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। 9 ਜੂਨ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਲਈ ਲੂ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਗਰਮੀ ਦਾ ਪ੍ਰਭਾਵ ਵੱਧ ਰਹਿਣ ਦੀ ਸੰਭਾਵਨਾ ਹੈ। 10 ਜੂਨ ਨੂੰ ਪੂਰੇ ਪੰਜਾਬ ਵਿੱਚ ਲੂ ਦਾ ਪੀਲਾ ਅਲਰਟ ਲਾਗੂ ਰਹੇਗਾ।
11 ਜੂਨ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬੱਦਲ ਗਰਜਣ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਜਦਕਿ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਲੂ ਦਾ ਅਸਰ ਜਾਰੀ ਰਹੇਗਾ ਅਤੇ ਪੀਲਾ ਅਲਰਟ ਲਾਗੂ ਰਹੇਗਾ।
ਚੰਡੀਗੜ੍ਹ ਦਾ ਮੌਸਮ
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ। 9 ਜੂਨ ਨੂੰ ਵੀ ਮੌਸਮ ਆਮ ਰਹਿਣ ਦੀ ਉਮੀਦ ਹੈ। 10 ਜੂਨ ਨੂੰ ਚੰਡੀਗੜ੍ਹ ਲਈ ਲੂ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। 11 ਜੂਨ ਨੂੰ ਬੱਦਲ ਗਰਜਣ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।
ਤਾਪਮਾਨ ਨੇ ਵੀ ਦਿਖਾਏ ਤੇਵਰ
ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਤਾਪਮਾਨ ਆਮ ਪੱਧਰ ਦੇ ਨੇੜੇ ਹੀ ਰਿਹਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਚੰਡੀਗੜ੍ਹ ਦਾ ਵੱਧੋ-ਵੱਧ ਤਾਪਮਾਨ 39.0 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 39.5 ਡਿਗਰੀ, ਲੁਧਿਆਣਾ ਦਾ 40.4 ਡਿਗਰੀ, ਪਟਿਆਲਾ ਦਾ 41.0 ਡਿਗਰੀ, ਫਰੀਦਕੋਟ ਦਾ 41.0 ਡਿਗਰੀ, ਫਾਜ਼ਿਲਕਾ ਦਾ 41.1 ਡਿਗਰੀ, ਫਿਰੋਜ਼ਪੁਰ ਦਾ 39.6 ਡਿਗਰੀ, ਹੁਸ਼ਿਆਰਪੁਰ ਦਾ 38.3 ਡਿਗਰੀ, ਸਾਲੇਰਨ ਦਾ 37.7 ਡਿਗਰੀ, ਮੁਹਾਲੀ ਦਾ 37.8 ਡਿਗਰੀ, ਪਠਾਨਕੋਟ ਦਾ 37.8 ਡਿਗਰੀ, ਥੀਨ ਬੰਨ੍ਹ ਦਾ 38.0 ਡਿਗਰੀ ਅਤੇ ਭਾਖੜਾ ਬੰਨ੍ਹ ਦਾ 39.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
