ਇਕਤਰਫ਼ੇ ਪਿਆਰ ਨੇ ਲਈ ਨੌਜਵਾਨ ਕੁੜੀ ਦੀ ਜਾਨ, ਸਾਥੀ ਕਰਮਚਾਰੀ ਨੇ ਚਾਕੂ ਮਾਰ ਕੇ ਕੀਤਾ ਕਤਲ

ਇਕਤਰਫ਼ੇ ਪਿਆਰ ਨੇ ਲਈ ਨੌਜਵਾਨ ਕੁੜੀ ਦੀ ਜਾਨ, ਸਾਥੀ ਕਰਮਚਾਰੀ ਨੇ ਚਾਕੂ ਮਾਰ ਕੇ ਕੀਤਾ ਕਤਲ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ। ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮੁਲਜ਼ਮ ਦਾ ਇਲਾਜ ਜਾਰੀ ਹੈ।

ਮੋਹਾਲੀ

ਬਿਊਰੋ ਰਿਪੋਰਟ

ਮੋਹਾਲੀ ਦੇ ਬੇਸਟੈਕ ਮਾਲ ਵਿੱਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੀ 29 ਸਾਲਾ ਨੌਜਵਾਨ ਕੁੜੀ ਦਾ ਉਸਦੇ ਸਾਥੀ ਕਰਮਚਾਰੀ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ। ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮੁਲਜ਼ਮ ਦਾ ਇਲਾਜ ਜਾਰੀ ਹੈ।

ਮ੍ਰਿਤਕਾ ਦੀ ਪਛਾਣ ਡਿੰਪਲ ਵਜੋਂ ਹੋਈ ਹੈ। ਪੁਲਿਸ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਮੁਲਜ਼ਮ ਹਰਜਿੰਦਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹਰਜਿੰਦਰ ਇਸ ਸਮੇਂ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਹੈ। ਇਹ ਘਟਨਾ ਵੀਰਵਾਰ ਸ਼ਾਮ ਕਰੀਬ 7:30 ਵਜੇ ਵਾਪਰੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਾਮਲਾ ਇਕਤਰਫ਼ੇ ਪਿਆਰ ਨਾਲ ਸਬੰਧਤ ਹੈ।

ਜਾਣਕਾਰੀ ਅਨੁਸਾਰ ਡਿੰਪਲ ਅਤੇ ਹਰਜਿੰਦਰ ਬੇਸਟੈਕ ਮਾਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ। ਵੀਰਵਾਰ ਸ਼ਾਮ ਹਰਜਿੰਦਰ ਨੇ ਡਿੰਪਲ ਨੂੰ ਰੋਕ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਡਿੰਪਲ ਨੇ ਗੱਲਬਾਤ ਤੋਂ ਇਨਕਾਰ ਕੀਤਾ ਤਾਂ ਹਰਜਿੰਦਰ ਗੁੱਸੇ ਵਿੱਚ ਆ ਗਿਆ ਅਤੇ ਆਪਣੇ ਨਾਲ ਲਿਆਂਦੇ ਚਾਕੂ ਨਾਲ ਉਸ ’ਤੇ ਚਾਰ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਡਿੰਪਲ ਦੇ ਜ਼ਮੀਨ ’ਤੇ ਡਿੱਗਣ ਅਤੇ ਜ਼ਿਆਦਾ ਖੂਨ ਵਹਿਣ ਤੋਂ ਬਾਅਦ ਹਰਜਿੰਦਰ ਨੇ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ। ਘਟਨਾ ਦੇਖ ਕੇ ਕੰਪਨੀ ਦੇ ਹੋਰ ਕਰਮਚਾਰੀ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਫੇਜ਼-11 ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਹਸਪਤਾਲ ਭੇਜਿਆ। ਉੱਥੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹਰਜਿੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਫੇਜ਼-11 ਥਾਣੇ ਦੇ ਮੁਖੀ ਅਮਨ ਬੈਦਵਾਨ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਕਤਰਫ਼ੇ ਪਿਆਰ ਦਾ ਮਾਮਲਾ ਸੀ। ਪੁਲਿਸ ਨੇ ਪਟਿਆਲਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *