ਹਾਈਕੋਰਟ ਦੇ ਆਦੇਸ਼ਾਂ ਬਾਵਜੂਦ ਜੋਬਨਜੀਤ ਸਿੰਘ ਦੀ ਰਿਹਾਈ ਅਟਕੀ, ਪਰਿਵਾਰ ਨੇ ਮੁੜ ਲਈ ਅਦਾਲਤ ਦੀ ਸ਼ਰਨ

ਹਾਈਕੋਰਟ ਦੇ ਆਦੇਸ਼ਾਂ ਬਾਵਜੂਦ ਜੋਬਨਜੀਤ ਸਿੰਘ ਦੀ ਰਿਹਾਈ ਅਟਕੀ, ਪਰਿਵਾਰ ਨੇ ਮੁੜ ਲਈ ਅਦਾਲਤ ਦੀ ਸ਼ਰਨ

ਰਿਹਾਈ ਵਿੱਚ ਹੋਈ ਦੇਰੀ ਤੋਂ ਬਾਅਦ ਜੋਬਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਫਿਰ ਹਾਈਕੋਰਟ ਦਾ ਰੁਖ ਕੀਤਾ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਪੱਸ਼ਟ ਹੁਕਮ ਜਾਰੀ ਕੀਤੇ ਜਾਣ ਦੇ ਬਾਵਜੂਦ ਜੋਬਨਜੀਤ ਸਿੰਘ ਦੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚੋਂ ਰਿਹਾਈ ਨਾ ਹੋਣ ਦਾ ਮਾਮਲਾ ਹੋਰ ਭਖਦਾ ਜਾ ਰਿਹਾ ਹੈ। ਰਿਹਾਈ ਵਿੱਚ ਹੋਈ ਦੇਰੀ ਤੋਂ ਬਾਅਦ ਜੋਬਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਫਿਰ ਹਾਈਕੋਰਟ ਦਾ ਰੁਖ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਰਿਹਾਈ ਸਬੰਧੀ ਹੁਕਮ ਜਾਰੀ ਹੋਣ ਤੋਂ ਬਾਅਦ ਵੀ ਬੀਤੀ ਰਾਤ ਜੋਬਨਜੀਤ ਸਿੰਘ ਨੂੰ ਜੇਲ੍ਹ ਵਿੱਚੋਂ ਆਜ਼ਾਦ ਨਹੀਂ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਵਕੀਲਾਂ ਨੇ ਦੇਰ ਰਾਤ ਤੱਕ ਰਿਹਾਈ ਦੀ ਉਡੀਕ ਕੀਤੀ, ਪਰ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਰਿਹਾਈ ਨਾਲ ਸਬੰਧਤ ਈ-ਪੱਤਰ ਉਨ੍ਹਾਂ ਕੋਲ ਨਹੀਂ ਪਹੁੰਚਿਆ।

ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਦੋਸ਼ ਲਗਾਇਆ ਕਿ ਜੋਬਨਜੀਤ ਸਿੰਘ ਦੀ ਰਿਹਾਈ ਵਿੱਚ ਜਾਣਬੁੱਝ ਕੇ ਰੁਕਾਵਟ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ ਜੇਲ੍ਹ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਅਮਨਬੀਰ ਸਿੰਘ ਸਿਆਲੀ ਨੇ ਇਹ ਵੀ ਦਾਅਵਾ ਕੀਤਾ ਕਿ ਮਜੀਠਾ ਪੁਲਿਸ ਜੋਬਨਜੀਤ ਸਿੰਘ ਨੂੰ ਕਿਸੇ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਕਾਰਨ ਉਸਦੀ ਰਿਹਾਈ ਦੀ ਪ੍ਰਕਿਰਿਆ ਨੂੰ ਲੰਬਾ ਕੀਤਾ ਜਾ ਰਿਹਾ ਹੈ।

ਵਕੀਲਾਂ ਦਾ ਕਹਿਣਾ ਹੈ ਕਿ ਜੇਕਰ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਵੀ ਲਾਗੂ ਨਾ ਕੀਤਾ ਜਾਵੇ ਤਾਂ ਇਹ ਨਿਆਂ ਪ੍ਰਣਾਲੀ ਅਤੇ ਕਾਨੂੰਨੀ ਵਿਵਸਥਾ ਲਈ ਗੰਭੀਰ ਚਿੰਤਾ ਦਾ ਮਾਮਲਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਕਾਨੂੰਨੀ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਦੂਜੇ ਪਾਸੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਰਿਹਾਈ ਨਾ ਹੋਣ ਕਾਰਨ ਪਰਿਵਾਰ ਅਤੇ ਸਮਰਥਕਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਸਭ ਦੀਆਂ ਨਿਗਾਹਾਂ ਹਾਈਕੋਰਟ ਦੀ ਅਗਲੀ ਸੁਣਵਾਈ ਅਤੇ ਪ੍ਰਸ਼ਾਸਨ ਵੱਲੋਂ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਉੱਤੇ ਟਿਕੀਆਂ ਹੋਈਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *