ਟੀਬੀ ਮੁਕਤ ਭਾਰਤ ਅਭਿਆਨ ਤਹਿਤ ਬਾਜਾਖਾਨਾ ਵਿੱਚ ਸਿਹਤ ਕੈਂਪ ਆਯੋਜਿਤ
ਇਹ ਕੈਂਪ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ।

ਚੰਡੀਗੜ
ਬਿਊਰੋ ਰਿਪੋਰਟ
ਪਿੰਡ ਬਾਜਾਖਾਨਾ ਵਿੱਚ 100 ਦਿਨਾਂ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ। ਇਹ ਕੈਂਪ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ।
ਇਸ ਕੈਂਪ ਦੀ ਦੇਖਰੇਖ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਬਾਜਾਖਾਨਾ ਡਾ. ਨਵਪ੍ਰੀਤ ਗਰੇਵਾਲ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਫਰੀਦਕੋਟ ਡਾ. ਸਰਵਦੀਪ ਸਿੰਘ ਰੋਮਾਣਾ ਵੱਲੋਂ ਕੀਤੀ ਗਈ, ਜਦਕਿ ਡਾ. ਹਰਮੀਤ ਸਿੰਘ ਦੀ ਅਗਵਾਈ ਹੇਠ ਸਿਹਤ ਟੀਮ ਨੇ ਲੋਕਾਂ ਨੂੰ ਟੀਬੀ ਬਿਮਾਰੀ ਸਬੰਧੀ ਜਾਗਰੂਕ ਕੀਤਾ।
ਡਾ. ਨਵਪ੍ਰੀਤ ਗਰੇਵਾਲ ਨੇ ਕਿਹਾ ਕਿ ਦੋ ਹਫ਼ਤਿਆਂ ਤੋਂ ਵੱਧ ਰਹਿਣ ਵਾਲੀ ਖਾਂਸੀ ਟੀਬੀ ਦਾ ਸੰਕੇਤ ਹੋ ਸਕਦੀ ਹੈ। ਇਸ ਤੋਂ ਇਲਾਵਾ ਸ਼ਾਮ ਸਮੇਂ ਹਲਕਾ ਬੁਖਾਰ, ਭੁੱਖ ਘੱਟ ਲੱਗਣਾ ਅਤੇ ਸਰੀਰ ਦਾ ਭਾਰ ਘਟਣਾ ਵੀ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਟੀਬੀ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਇਲਾਜ ਅਤੇ ਰੋਕਥਾਮ ਸੰਭਵ ਹੈ।
ਡਾ. ਹਰਮੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਖੰਘ ਲੰਬੇ ਸਮੇਂ ਤੱਕ ਰਹੇ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਜੇ ਘਰ ਜਾਂ ਆਲੇ-ਦੁਆਲੇ ਕੋਈ ਵਿਅਕਤੀ ਟੀਬੀ ਤੋਂ ਪੀੜਤ ਹੈ ਤਾਂ ਉਸ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਵੇ ਅਤੇ ਉਸਨੂੰ ਇਲਾਜ ਲਈ ਹਸਪਤਾਲ ਭੇਜਿਆ ਜਾਵੇ। ਉਨ੍ਹਾਂ ਸਫ਼ਾਈ ਅਤੇ ਪੋਸ਼ਟਿਕ ਭੋਜਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਬੀਈਈ ਸੁਰਿੰਦਰ ਕੌਰ ਅਤੇ ਫਲੈਗ ਚਾਵਲਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀਬੀ ਦੀ ਜਾਂਚ, ਬਲਗਮ ਟੈਸਟ, ਐਕਸਰੇ ਅਤੇ ਦਵਾਈਆਂ ਦੀ ਸੁਵਿਧਾ ਮੁਫ਼ਤ ਦਿੱਤੀ ਜਾਂਦੀ ਹੈ।
ਇਸ ਮੌਕੇ ਐਸਟੀਐਸ ਰਮਨਦੀਪ ਸਿੰਘ ਅਤੇ ਰੇਡੀਓਗ੍ਰਾਫਰ ਲਖਵਿੰਦਰ ਕੁਮਾਰ ਨੇ ਕਿਹਾ ਕਿ ਟੀਬੀ ਦੇ ਮਰੀਜ਼ਾਂ ਨੂੰ ਦਵਾਈ ਦਾ ਪੂਰਾ ਕੋਰਸ ਕਰਨਾ ਬਹੁਤ ਜ਼ਰੂਰੀ ਹੈ। ਜੇ ਇਲਾਜ ਵਿਚਕਾਰ ਛੱਡ ਦਿੱਤਾ ਜਾਵੇ ਤਾਂ ਮਰੀਜ਼ ਨੂੰ ਗੰਭੀਰ ਕਿਸਮ ਦੀ ਦਵਾਈ-ਰੋਧੀ ਟੀਬੀ ਹੋ ਸਕਦੀ ਹੈ।
ਕੈਂਪ ਦੌਰਾਨ ਡਾ. ਕਿਰਨਦੀਪ ਕੌਰ, ਡਾ. ਪਲਕ, ਸੀਨੀਅਰ ਫਾਰਮੇਸੀ ਅਫ਼ਸਰ ਗੋਪਾਲ ਕ੍ਰਿਸ਼ਨ, ਸਿਹਤ ਸੁਪਰਵਾਈਜ਼ਰ ਕੰਵਲਜੀਤ ਕੌਰ, ਮਨਪ੍ਰੀਤ ਸਿੰਘ, ਸਿਹਤ ਵਰਕਰ ਅਮਰਜੀਤ ਕੌਰ, ਮੋਨੀਕਾ, ਸਮੂਹ ਸਿਹਤ ਅਧਿਕਾਰੀ, ਕਰਮਚਾਰੀ ਅਤੇ ਆਸ਼ਾ ਵਰਕਰ ਸਮੇਤ ਕਈ ਹੋਰ ਹਾਜ਼ਰ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
