ਦੁਬਈ ‘ਚ ਫਸੇ ਪੰਜਾਬੀ ਨੌਜਵਾਨ ਦੀ ਭਾਰਤ ਵਾਪਸੀ, ਕੰਪਨੀ ਨੇ ਪਾਸਪੋਰਟ ਰੱਖਿਆ ਜ਼ਬਤ ਤੇ ਨਹੀਂ ਦਿੱਤੀ ਤਨਖਾਹ
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਥੇ ਡਰੋਨਾਂ ਅਤੇ ਮਿਜ਼ਾਇਲਾਂ ਦੇ ਖਤਰੇ ਕਾਰਨ ਹਰ ਸਮੇਂ ਦਹਿਸ਼ਤ ਬਣੀ ਰਹਿੰਦੀ ਸੀ ਅਤੇ ਸਾਇਰਨਾਂ ਦੀਆਂ ਆਵਾਜ਼ਾਂ ਅੱਜ ਵੀ ਉਸਦੇ ਕੰਨਾਂ ਵਿੱਚ ਗੂੰਜਦੀਆਂ ਹਨ।

ਜਲੰਧਰ
ਬਿਊਰੋ ਰਿਪੋਰਟ
ਰੋਜ਼ੀ-ਰੋਟੀ ਦੀ ਖਾਤਰ ਦੁਬਈ ਗਏ ਪੰਜਾਬ ਦੇ ਇੱਕ ਨੌਜਵਾਨ ਨੂੰ ਉੱਥੇ ਜਾ ਕੇ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੂੰ ਆਪਣੇ ਖਰਚ ਲਈ ਵੀ ਮਾਪਿਆਂ ਕੋਲੋਂ ਪੈਸੇ ਮੰਗਵਾਉਣੇ ਪਏ। ਜੰਗ ਵਰਗੇ ਹਾਲਾਤਾਂ ਅਤੇ ਡਰ ਦੇ ਮਾਹੌਲ ਵਿੱਚ ਗੁਜ਼ਾਰੇ ਚਾਰ ਮਹੀਨਿਆਂ ਨੇ ਉਸਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ। ਜਲੰਧਰ ਦੇ ਸੋਫੀ ਪਿੰਡ ਨਾਲ ਸਬੰਧਤ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਥੇ ਡਰੋਨਾਂ ਅਤੇ ਮਿਜ਼ਾਇਲਾਂ ਦੇ ਖਤਰੇ ਕਾਰਨ ਹਰ ਸਮੇਂ ਦਹਿਸ਼ਤ ਬਣੀ ਰਹਿੰਦੀ ਸੀ ਅਤੇ ਸਾਇਰਨਾਂ ਦੀਆਂ ਆਵਾਜ਼ਾਂ ਅੱਜ ਵੀ ਉਸਦੇ ਕੰਨਾਂ ਵਿੱਚ ਗੂੰਜਦੀਆਂ ਹਨ। ਜਿਸ ਕੰਪਨੀ ਵਿੱਚ ਉਹ ਕੰਮ ਕਰ ਰਿਹਾ ਸੀ, ਉਸ ਨੇ ਉਸਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਰੱਖ ਲਿਆ ਅਤੇ ਤਨਖਾਹ ਵੀ ਨਹੀਂ ਦਿੱਤੀ।
ਸੁਲਤਾਨਪੁਰ ਲੋਧੀ ਪਹੁੰਚੇ ਲਵਪ੍ਰੀਤ ਸਿੰਘ ਨੇ ਨਿਰਮਲ ਕੁਟੀਆ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਲਵਪ੍ਰੀਤ ਨੇ ਦੱਸਿਆ ਕਿ ਇੱਕ ਟ੍ਰੈਵਲ ਏਜੰਟ ਨੇ ਉਸ ਨਾਲ ਧੋਖਾਧੜੀ ਕਰਦਿਆਂ ਉਸ ਨੂੰ ਦੋ ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਦੁਬਈ ਭੇਜ ਦਿੱਤਾ। ਉਸਨੂੰ ਕਿਹਾ ਗਿਆ ਸੀ ਕਿ ਉੱਥੇ ਪੈਕਿੰਗ ਦਾ ਸੌਖਾ ਕੰਮ ਮਿਲੇਗਾ, ਪਰ ਪਹੁੰਚਣ ਤੋਂ ਬਾਅਦ ਉਸ ਨੂੰ ਇੱਕ ਸਟੀਲ ਕੰਪਨੀ ਵਿੱਚ ਕੰਮ ਕਰਨਾ ਪਿਆ। ਉਸਦੇ ਅਨੁਸਾਰ 1300 ਦਰਾਮ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਭਾਰਤੀ ਮੁਦਰਾ ਮੁਤਾਬਕ ਲਗਭਗ 33 ਹਜ਼ਾਰ ਰੁਪਏ ਬਣਦੇ ਹਨ, ਪਰ ਚਾਰ ਮਹੀਨੇ ਕੰਮ ਕਰਵਾਉਣ ਤੋਂ ਬਾਅਦ ਵੀ ਇੱਕ ਰੁਪਇਆ ਨਹੀਂ ਦਿੱਤਾ ਗਿਆ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਮਾਰ ਹੋਣ ਦੇ ਬਾਵਜੂਦ ਕੰਪਨੀ ਵੱਲੋਂ ਉਸਦਾ ਇਲਾਜ ਵੀ ਨਹੀਂ ਕਰਵਾਇਆ ਗਿਆ। ਹਾਲਤ ਖ਼ਰਾਬ ਹੋਣ ਕਾਰਨ ਉਸਦਾ ਪਰਿਵਾਰ ਵੀ ਕਾਫੀ ਚਿੰਤਤ ਹੋ ਗਿਆ ਸੀ। ਇਸ ਤੋਂ ਬਾਅਦ ਉਸਦੀ ਮਾਂ ਨੇ 6 ਅਪ੍ਰੈਲ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚ ਕਰਕੇ ਆਪਣੇ ਇਕਲੌਤੇ ਪੁੱਤਰ ਨੂੰ ਵਾਪਸ ਲਿਆਉਣ ਲਈ ਬੇਨਤੀ ਕੀਤੀ। ਲਵਪ੍ਰੀਤ ਦੀ ਮਾਤਾ ਨੇ ਦੋਸ਼ ਲਾਇਆ ਕਿ ਜਦੋਂ ਵੀ ਉਸਦਾ ਪੁੱਤਰ ਆਪਣੀ ਤਨਖਾਹ ਮੰਗਦਾ ਸੀ ਤਾਂ ਕੰਪਨੀ ਦੇ ਕਰਮਚਾਰੀ ਉਸ ਨੂੰ ਡਰਾਉਂਦੇ ਅਤੇ ਧਮਕਾਉਂਦੇ ਸਨ। ਉਨ੍ਹਾਂ ਕਿਹਾ ਕਿ ਉਹਨਾਂ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਭੇਜਿਆ ਸੀ, ਪਰ ਉੱਥੇ ਉਸ ਨਾਲ ਧੋਖਾ ਹੋ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ 13 ਮਈ ਨੂੰ ਲਵਪ੍ਰੀਤ ਸਿੰਘ ਨੂੰ ਸੁਰੱਖਿਅਤ ਢੰਗ ਨਾਲ ਭਾਰਤ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਅਤੇ ਕਾਨੂੰਨੀ ਤਰੀਕੇ ਨਾਲ ਹੀ ਵਿਦੇਸ਼ ਜਾਣ। ਨਾਲ ਹੀ ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਨਾਲ ਨੌਜਵਾਨ ਦੀ ਵਾਪਸੀ ਸੰਭਵ ਹੋ ਸਕੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
