ਦਰਦਨਾਕ ਹਾਦਸਾ, ਕਰੰਟ ਦੀ ਚਪੇਟ ‘ਚ ਆਉਣ ਨਾਲ 10 ਸਾਲਾ ਮਾਸੂਮ ਬੱਚੀ ਦੀ ਮੌਤ

ਦਰਦਨਾਕ ਹਾਦਸਾ, ਕਰੰਟ ਦੀ ਚਪੇਟ ‘ਚ ਆਉਣ ਨਾਲ 10 ਸਾਲਾ ਮਾਸੂਮ ਬੱਚੀ ਦੀ ਮੌਤ

ਪਰਿਵਾਰ ਨੇ ਦੋਸ਼ ਲਗਾਇਆ ਕਿ ਖੇਤਾਂ ਕੋਲ ਲੱਗੀ ਟਿਊਬਵੈੱਲ ਮੋਟਰ ਅਤੇ ਇਲਾਕੇ ਵਿੱਚ ਛੱਡੇ ਗਏ ਕਰੰਟ ਕਾਰਨ ਮਾਸੂਮ ਦੀ ਜਾਨ ਗਈ ਹੈ।

ਡੇਰਾਬੱਸੀ

ਬਿਊਰੋ ਰਿਪੋਰਟ

ਡੇਰਾਬੱਸੀ ਦੇ ਪਿੰਡ ਜਨੇਤਪੁਰ ਵਿੱਚ ਖੇਤਾਂ ਦੇ ਨੇੜੇ ਕਰੰਟ ਲੱਗਣ ਕਾਰਨ 10 ਸਾਲਾ ਮਾਸੂਮ ਬੱਚੀ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਪੂਰੇ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ। ਘਟਨਾ ਤੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰਾਂ ਨੇ ਮੌਕੇ ‘ਤੇ ਇਕੱਠੇ ਹੋ ਕੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਖੇਤਾਂ ਕੋਲ ਲੱਗੀ ਟਿਊਬਵੈੱਲ ਮੋਟਰ ਅਤੇ ਇਲਾਕੇ ਵਿੱਚ ਛੱਡੇ ਗਏ ਕਰੰਟ ਕਾਰਨ ਮਾਸੂਮ ਦੀ ਜਾਨ ਗਈ ਹੈ।

ਮ੍ਰਿਤਕ ਬੱਚੀ ਦੀ ਪਹਿਚਾਣ 10 ਸਾਲਾ ਸ੍ਰਿਜਨਾ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਨੇਪਾਲ ਦੀ ਰਹਿਣ ਵਾਲੀ ਸੀ। ਉਸਦਾ ਪਰਿਵਾਰ ਕੁਝ ਸਮੇਂ ਤੋਂ ਪਿੰਡ ਜਨੇਤਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਅਤੇ ਖੇਤਾਂ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਗੌਤਮ ਮਹਾਤੋ ਅਤੇ ਉਸਦੀ ਪਤਨੀ ਖੇਤਾਂ ਵਿੱਚ ਕੰਮ ਕਰ ਰਹੇ ਸਨ, ਜਦਕਿ ਉਨ੍ਹਾਂ ਦੀ ਧੀ ਸ੍ਰਿਜਨਾ ਖੇਡਦੇ-ਖੇਡਦੇ ਨੇੜੇ ਬਣੇ ਟਿਊਬਵੈੱਲ ਵੱਲ ਚਲੀ ਗਈ। ਇਸ ਦੌਰਾਨ ਉਹ ਕਰੰਟ ਦੀ ਚਪੇਟ ਵਿੱਚ ਆ ਗਈ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਮੌਕੇ ‘ਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਬੱਚੀ ਦਾ ਸ਼ਵ ਮੌਕੇ ਦੇ ਨੇੜੇ ਰੱਖ ਕੇ ਧਰਨਾ ਦਿੱਤਾ ਅਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਸੀ ਕਿ ਖੇਤਾਂ ਵਿੱਚ ਜੰਗਲੀ ਜਾਨਵਰਾਂ ਅਤੇ ਪਸ਼ੂਆਂ ਨੂੰ ਰੋਕਣ ਲਈ ਕਰੰਟ ਵਾਲੀਆਂ ਤਾਰਾਂ ਛੱਡੀਆਂ ਗਈਆਂ ਸਨ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਮੌਕੇ ‘ਤੇ ਮੌਜੂਦ ਕਈ ਲੋਕਾਂ ਨੇ ਵੀ ਦਾਅਵਾ ਕੀਤਾ ਕਿ ਖੇਤਾਂ ਦੇ ਨੇੜੇ ਕਰੰਟ ਵਾਲੀ ਤਾਰਬੰਦੀ ਕੀਤੀ ਹੋਈ ਸੀ।

ਦੂਜੇ ਪਾਸੇ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਟਿਊਬਵੈੱਲ ਮੋਟਰ ਦੀਆਂ ਤਾਰਾਂ ਤੋਂ ਕਰੰਟ ਲੱਗਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਬੱਚੀ ਟਿਊਬਵੈੱਲ ਮੋਟਰ ਦੇ ਕੋਲ ਗਈ ਸੀ ਅਤੇ ਉੱਥੇ ਹੀ ਕਰੰਟ ਦੀ ਲਪੇਟ ਵਿੱਚ ਆ ਗਈ। ਪੁਲਿਸ ਨੇ ਮ੍ਰਿਤਕ ਬੱਚੀ ਦੇ ਪਿਤਾ ਗੌਤਮ ਮਹਾਤੋ ਦੇ ਬਿਆਨਾਂ ਦੇ ਆਧਾਰ ‘ਤੇ ਬੀਐਨਐਸ ਦੀ ਧਾਰਾ 194 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਅਤੇ ਇਲਾਕੇ ਦੇ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉੱਧਰ ਬੱਚੀ ਦੇ ਸ਼ਵ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਮ੍ਰਿਤਕਾ ਸ੍ਰਿਜਨਾ ਆਪਣੇ ਪਰਿਵਾਰ ਵਿੱਚ ਚਾਰ ਭੈਣਾਂ ਅਤੇ ਇੱਕ ਛੋਟੇ ਭਰਾ ਵਿੱਚੋਂ ਦੂਜੇ ਨੰਬਰ ‘ਤੇ ਸੀ। ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਾਫੀ ਕਮਜ਼ੋਰ ਦੱਸੀ ਜਾ ਰਹੀ ਹੈ ਅਤੇ ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਪਿਆ ਹੈ।

Leave a Reply

Your email address will not be published. Required fields are marked *