ਸਕੂਲ ਵਿੱਚ ਦਿਲ ਦਹਲਾ ਦੇਣ ਵਾਲੀ ਘਟਨਾ: ਅਧਿਆਪਕਾ ‘ਤੇ ਤੇਜ਼ਾਬੀ ਹਮਲਾ, 2 ਬੱਚੇ ਵੀ ਜ਼ਖਮੀ
ਇਸ ਹਮਲੇ ਦੌਰਾਨ ਅਧਿਆਪਕਾ ਦੇ ਕੋਲ ਬੈਠੇ ਦੋ ਮਾਸੂਮ ਬੱਚੇ ਵੀ ਇਸ ਦੀ ਲਪੇਟ ਵਿੱਚ ਆ ਗਏ ਅਤੇ ਝੁਲਸ ਗਏ।

ਗੁਰਦਾਸਪੁਰ
ਬਿਊੋਰੋ ਰਿਪੋਰਟ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਹਿਮਦਪੁਰ ਵਿੱਚ ਇਕ ਸਹਿਮਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾ ਰਹੀ ਅਧਿਆਪਕਾ ‘ਤੇ ਇਕ ਨੌਜਵਾਨ ਵੱਲੋਂ ਅਚਾਨਕ ਤੇਜ਼ਾਬ ਸੁੱਟਿਆ ਗਿਆ। ਇਸ ਹਮਲੇ ਦੌਰਾਨ ਅਧਿਆਪਕਾ ਦੇ ਕੋਲ ਬੈਠੇ ਦੋ ਮਾਸੂਮ ਬੱਚੇ ਵੀ ਇਸ ਦੀ ਲਪੇਟ ਵਿੱਚ ਆ ਗਏ ਅਤੇ ਝੁਲਸ ਗਏ।
ਜ਼ਖਮੀ ਅਧਿਆਪਕਾ ਅਤੇ ਇਕ ਬੱਚੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਘਟਨਾ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਖੇਤਾਂ ਵੱਲ ਨਿਕਲ ਗਿਆ, ਪਰ ਸਥਾਨਕ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੀੜਤ ਅਧਿਆਪਕਾ ਦਾ ਰਿਸ਼ਤੇਦਾਰ (ਭਾਣਜਾ) ਹੈ।
ਮਿਲੀ ਜਾਣਕਾਰੀ ਅਨੁਸਾਰ, ਸਵੇਰੇ ਕਰੀਬ 10:30 ਵਜੇ ਅਧਿਆਪਕਾ ਲਖਵਿੰਦਰ ਕੌਰ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ, ਜਦੋਂ ਇੱਕ ਨੌਜਵਾਨ ਅੰਦਰ ਦਾਖਲ ਹੋਇਆ ਅਤੇ ਬੋਤਲ ਵਿੱਚੋਂ ਤੇਜ਼ਾਬ ਕੱਢ ਕੇ ਸਿੱਧਾ ਉਨ੍ਹਾਂ ਦੇ ਚਿਹਰੇ ‘ਤੇ ਸੁੱਟ ਦਿੱਤਾ। ਇਸ ਦੌਰਾਨ ਕਲਾਸ ਵਿੱਚ ਮੌਜੂਦ ਦੋ ਵਿਦਿਆਰਥੀ—ਪ੍ਰਭਜੋਤ ਕੌਰ ਅਤੇ ਅਜੀਤ ਸਿੰਘ—ਵੀ ਜ਼ਖਮੀ ਹੋ ਗਏ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਥਾਣਾ ਘੁਮਾਣ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਪੀੜਤ ਅਧਿਆਪਕਾ ਦਾ ਭਾਣਜਾ ਹੈ। ਪੁਲਿਸ ਵੱਲੋਂ ਹਮਲੇ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
