ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੀਨੀਅਰ ਸਿਟੀਜਨ ਨਾਲ ਕੀਤਾ ਯੋਗਾ

ਸੁਖਜਿੰਦਰ ਸਹੋਤਾ,

ਕੋਟਕਪੂਰਾ, 31 ਜਨਵਰੀ 2026:

ਪੰਜਾਬ ਸਰਕਾਰ ਦੇ ਪ੍ਰੋਜੈਕਟ ਸੀਐਮ ਯੋਗਸ਼ਾਲਾ ਦੀ ਯੋਗਾ ਕਲਾਸ ਵਿੱਚ ਅਚਾਨਕ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨਾਲ ਆ ਕੇ ਯੋਗਾ ਕਲਾਸ ਲਾਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਹਰਬੰਸ ਸਿੰਘ ਪਦਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਉਹਨਾਂ ਵੱਲੋਂ ਪਿਛਲੇ 12 ਸਾਲ ਤੋਂ ਯੋਗਾ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਯੋਗਾ ਟਰੇਨਰ ਹੁਣ ਲਗਾਤਾਰ ਸਵੇਰੇ ਇੱਕ ਘੰਟੇ ਦੀ ਯੋਗਾ ਕਲਾਸ ਲਾ ਰਹੇ ਹਨ।

ਯੋਗਾ ਸਿਹਤ ਤੰਦਰੁਸਤੀ ਵਾਸਤੇ ਹਰੇਕ ਮਨੁੱਖ ਨੂੰ ਕਰਨਾ ਚਾਹੀਦਾ ਹੈ। ਜਨਰਲ ਸਕੱਤਰ ਮੁਖਤਿਆਰ ਸਿੰਘ ਮੱਤਾ, ਖਜਾਨਚੀ ਮਾ. ਸੋਮਨਾਥ ਅਰੋੜਾ, ਚੇਅਰਮੈਨ ਡਾ. ਦੇਵਰਾਜ ਮੋਗੇਵਾਲੇ, ਐਗਜੈਕਟਿਵ ਮੈਂਬਰ ਅਸ਼ੋਕ ਕੁਮਾਰ ਅਰੋੜਾ, ਵਿਨੋਦ ਧਵਨ, ਕੁਲਬੀਰ ਸਿੰਘ ਮੱਕੜ, ਸੁਰਿੰਦਰ ਸਚਦੇਵਾ ਅਤੇ ਬਲਦੇਵ ਕਟਾਰੀਆ ਆਦਿ ਮੈਂਬਰਾਂ ਨੇ ਦੱਸਿਆ ਕਿ ਉਹ ਲਗਾਤਾਰ ਯੋਗਾ ਕਰਨ ਨਾਲ ਆਪਣੀ ਸਿਹਤ ਨੂੰ ਤੰਦਰੁਸਤ ਰੱਖਦੇ ਹਨ। ਇਸ ਮੌਕੇ ਸਪੀਕਰ ਸੰਧਵਾਂ ਨੇ ਯੋਗਾ ਦੀਆਂ ਕਿਰਿਆਵਾਂ ਖੁਦ ਕੀਤੀਆਂ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਨਗਰ ਵਿੱਚ ਨਵੇਂ ਯੋਗਾ ਟਰੇਨਰ ਤਿਆਰ ਕਰਕੇ ਭੇਜੇ ਜਾ ਰਹੇ ਹਨ।

ਉਹਨਾਂ ਸੁਸਾਇਟੀ ਦੇ ਇਸ ਕਦਮ ਦੀ ਵੀ ਸ਼ਲਾਘਾ ਕੀਤੀ ਕਿ ਉਹ ਲੋਕਾਂ ਨੂੰ ਯੋਗਾ ਨਾਲ ਪਿਛਲੇ ਲੰਬੇ ਸਮੇਂ ਤੋਂ ਜੋੜ ਰਹੇ ਹਨ ਅਤੇ ਸਮਾਜ ਭਲਾਈ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਦੋਨੋਂ ਸਵੇ ਸੇਵੀ ਸੰਸਥਾਵਾਂ ਦੇ ਆਪਸੀ ਸਹਿਯੋਗ ਦਾ ਜ਼ਿਕਰ ਕੀਤਾ।

ਇਸ ਮੌਕੇ ਸੋਸਾਇਟੀ ਵੱਲੋਂ ਇਹ ਮੰਗ ਕੀਤੀ ਗਈ ਕਿ ਸੀਨੀਅਰ ਸਿਟੀਜਨ ਵਾਸਤੇ ਨਗਰ ਕੌਂਸਲ ਦੇ ਕਿਸੇ ਹਾਲ ਨੂੰ ਯੋਗਾ ਅਭਿਆਸ ਕਰਨ ਲਈ ਅਲਾਟ ਕੀਤਾ ਜਾਵੇ। ਇਸ ਸਬੰਧੀ ਸੁਸਾਇਟੀ ਦੇ ਮੈਂਬਰਾਂ ਨੇ ਮੰਗ ਪੱਤਰ ਸਪੀਕਰ ਸੰਧਵਾਂ ਨੂੰ ਦਿੱਤਾ ਅਤੇ ਸੀਨੀਅਰ ਸਿਟੀਜਨ ਦੇ ਲਈ ਹਰ ਇੱਕ ਦਫਤਰ ਵਿਚ ਖਾਸ ਸਹੂਲਤ ਦਿੱਤੇ ਜਾਣ ਦੀ ਬੇਨਤੀ ਕੀਤੀ। ਇਸ ਮੌਕੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਵੀ ਕਈ ਮੈਂਬਰਾਂ ਨੇ ਯੋਗਾ ਕਲਾਸ ਦੇ ਵਿੱਚ ਭਾਗ ਲਿਆ। ਅਖੀਰ ਵਿੱਚ ਸੁਸਾਇਟੀ ਦੇ ਜਨਰਲ ਸਕੱਤਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *