26/11 ਹਮਲੇ ਤੋਂ ਬਾਅਦ ਲੱਗੀ ਸੁਰੱਖਿਆ ਘੇਰਾਬੰਦੀ ਬਣੀ ਮੁਸੀਬਤ, ਤਾਜ ਹੋਟਲ ਨੂੰ BMC ਨੇ ਭੇਜਿਆ 27 ਕਰੋੜ ਰੁਪਏ ਦਾ ਨੋਟਿਸ
ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (BMC) ਨੇ ਜਨਤਕ ਸੜਕ ਅਤੇ ਫੁੱਟਪਾਥ ਦੀ ਵਰਤੋਂ ਦੇ ਮਾਮਲੇ ਵਿੱਚ ਤਾਜ ਹੋਟਲ ਨੂੰ 27.12 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਹਿਲਾਂ ਦਿੱਤੀ ਗਈ ਫੀਸ ਛੋਟ ਵੀ ਰੱਦ ਕਰ ਦਿੱਤੀ ਗਈ ਹੈ।

ਮੁੰਬਈ
ਬਿਊਰੋ ਰਿਪੋਰਟ
26 ਨਵੰਬਰ 2008 ਦੇ ਅੱਤਵਾਦੀ ਹਮਲੇ ਤੋਂ ਬਾਅਦ ਤਾਜ ਮਹਿਲ ਪੈਲੇਸ ਹੋਟਲ ਦੇ ਆਲੇ-ਦੁਆਲੇ ਕੀਤੇ ਗਏ ਸੁਰੱਖਿਆ ਪ੍ਰਬੰਧ ਹੁਣ ਹੋਟਲ ਪ੍ਰਬੰਧਨ ਲਈ ਮਹਿੰਗੇ ਸਾਬਤ ਹੋ ਰਹੇ ਹਨ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (BMC) ਨੇ ਜਨਤਕ ਸੜਕ ਅਤੇ ਫੁੱਟਪਾਥ ਦੀ ਵਰਤੋਂ ਦੇ ਮਾਮਲੇ ਵਿੱਚ ਤਾਜ ਹੋਟਲ ਨੂੰ 27.12 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਹਿਲਾਂ ਦਿੱਤੀ ਗਈ ਫੀਸ ਛੋਟ ਵੀ ਰੱਦ ਕਰ ਦਿੱਤੀ ਗਈ ਹੈ।
BMC ਦੇ ‘ਏ’ ਵਾਰਡ ਵੱਲੋਂ ਜਾਰੀ ਨੋਟਿਸ ਅਨੁਸਾਰ ਹੋਟਲ ਨੂੰ ਸੜਕ ਦੀ ਵਰਤੋਂ ਲਈ 4.97 ਕਰੋੜ ਰੁਪਏ ਅਤੇ ਫੁੱਟਪਾਥ ਦੀ ਵਰਤੋਂ ਲਈ 22.15 ਕਰੋੜ ਰੁਪਏ ਅਦਾ ਕਰਨੇ ਹੋਣਗੇ। ਇਸ ਵਿੱਚ ਮਾਰਚ 2026 ਤੱਕ ਦਾ ਵਿਆਜ ਅਤੇ ਹੋਰ ਲਾਗੂ ਚਾਰਜ ਵੀ ਸ਼ਾਮਲ ਹਨ।
ਇਹ ਵਿਵਾਦ ਤਾਜ ਹੋਟਲ ਦੇ ਬਾਹਰ ਕਰੀਬ 869.59 ਵਰਗ ਮੀਟਰ ਸੜਕ ਅਤੇ 1,136.3 ਵਰਗ ਮੀਟਰ ਫੁੱਟਪਾਥ ਦੀ ਵਰਤੋਂ ਨੂੰ ਲੈ ਕੇ ਹੈ। 26/11 ਹਮਲੇ ਤੋਂ ਬਾਅਦ ਸੁਰੱਖਿਆ ਵਧਾਉਣ ਲਈ ਇੱਥੇ ਬੈਰੀਕੇਡ ਅਤੇ ਵੱਡੇ ਪਲਾਂਟਰ ਲਗਾਏ ਗਏ ਸਨ, ਜਿਸ ਕਾਰਨ ਜਨਤਕ ਜਗ੍ਹਾ ਦੀ ਵਰਤੋਂ ਹੋ ਰਹੀ ਸੀ।
ਸ਼ੁਰੂਆਤੀ ਦੌਰ ਵਿੱਚ ਤਾਜ ਹੋਟਲ ਨੇ ਸੜਕ ਵਰਤੋਂ ਫੀਸ ਵਿੱਚ 50 ਫ਼ੀਸਦੀ ਰਿਆਇਤ ਅਤੇ ਫੁੱਟਪਾਥ ਫੀਸ ਪੂਰੀ ਤਰ੍ਹਾਂ ਮੁਆਫ਼ ਕਰਨ ਦੀ ਮੰਗ ਕੀਤੀ ਸੀ। BMC ਦੀ ਸਟੈਂਡਿੰਗ ਕਮੇਟੀ ਨੇ ਜਨਵਰੀ 2021 ਵਿੱਚ ਇਸ ਨੂੰ ਮਨਜ਼ੂਰੀ ਵੀ ਦਿੱਤੀ, ਪਰ ਇਹ ਪ੍ਰਸਤਾਵ ਜਨਰਲ ਬਾਡੀ ਵਿੱਚ ਅੰਤਿਮ ਮਨਜ਼ੂਰੀ ਨਹੀਂ ਲੈ ਸਕਿਆ।
ਬਾਅਦ ਵਿੱਚ BMC ਨੇ ਅਜਿਹੀਆਂ ਸਾਰੀਆਂ ਛੋਟਾਂ ਦੀ ਸਮੀਖਿਆ ਕੀਤੀ ਅਤੇ ਫਰਵਰੀ 2025 ਵਿੱਚ ਮਿਊਂਸਪਲ ਕਮਿਸ਼ਨਰ ਨੇ ਤਾਜ ਹੋਟਲ ਨੂੰ ਮਿਲੀ ਰਿਆਇਤ ਰੱਦ ਕਰ ਦਿੱਤੀ। ਇਸ ਤੋਂ ਬਾਅਦ ਤਾਜ ਹੋਟਲ ਅਤੇ ਨੇੜਲੇ ਟ੍ਰਾਈਡੈਂਟ ਹੋਟਲ ਨੂੰ ਨਵੇਂ ਡਿਮਾਂਡ ਨੋਟਿਸ ਜਾਰੀ ਕੀਤੇ ਗਏ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਟ੍ਰਾਈਡੈਂਟ ਹੋਟਲ ਆਪਣਾ ਬਕਾਇਆ ਜਮ੍ਹਾਂ ਕਰਵਾ ਚੁੱਕਾ ਹੈ ਅਤੇ ਉਸ ਨੇ ਫੁੱਟਪਾਥ ਤੋਂ ਸੁਰੱਖਿਆ ਲਈ ਲਗਾਏ ਪਲਾਂਟਰ ਵੀ ਹਟਾ ਦਿੱਤੇ ਹਨ। ਹਾਲਾਂਕਿ ਤਾਜ ਹੋਟਲ ਵੱਲੋਂ ਕਈ ਯਾਦ-ਦਿਹਾਣੀਆਂ ਦੇ ਬਾਵਜੂਦ ਅਜੇ ਤੱਕ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ।
BMC ਦਾ ਕਹਿਣਾ ਹੈ ਕਿ ਜਨਤਕ ਸੜਕਾਂ ਅਤੇ ਫੁੱਟਪਾਥਾਂ ਦੀ ਵਰਤੋਂ ਕਰਨ ਵਾਲੇ ਸਾਰੇ ਵਪਾਰਕ ਅਦਾਰਿਆਂ ਲਈ ਹੁਣ ਇੱਕੋ ਜਿਹੇ ਨਿਯਮ ਲਾਗੂ ਕੀਤੇ ਜਾਣਗੇ। ਨਿਗਮ ਦਾ ਮੰਨਣਾ ਹੈ ਕਿ ਸੁਰੱਖਿਆ ਦੇ ਨਾਂ ‘ਤੇ ਕਿਸੇ ਵੀ ਸੰਸਥਾ ਨੂੰ ਜਨਤਕ ਥਾਂ ਦੀ ਮੁਫ਼ਤ ਵਰਤੋਂ ਦੀ ਵਿਸ਼ੇਸ਼ ਛੋਟ ਨਹੀਂ ਦਿੱਤੀ ਜਾ ਸਕਦੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
