ਹੁਸ਼ਿਆਰਪੁਰ ਸਿਵਲ ਹਸਪਤਾਲ ‘ਚ ਹੰਗਾਮਾ, ਪੁਲਿਸ ‘ਤੇ ਹਮਲੇ ਮਗਰੋਂ ਜਵਾਬੀ ਫਾਇਰਿੰਗ ਵਿੱਚ ਕੈਦੀ ਦੀ ਮੌਤ
ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਕੈਦੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਸਪਤਾਲ ਅਤੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ।

ਹੁਸ਼ਿਆਰਪੁਰ
ਬਿਊਰੋ ਰਿਪੋਰਟ
ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਮੈਡੀਕਲ ਜਾਂਚ ਲਈ ਲਿਆਂਦੇ ਗਏ ਇੱਕ ਕੈਦੀ ਨੇ ਪੁਲਿਸ ਮੁਲਾਜ਼ਮ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਕੈਦੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਸਪਤਾਲ ਅਤੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ।
ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਪਹੁੰਚੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੁਲਿਸ ਟੀਮ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਮੈਡੀਕਲ ਜਾਂਚ ਲਈ ਹਸਪਤਾਲ ਲੈ ਕੇ ਆਈ ਸੀ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਕੈਦੀ ਨਸੀਬ ਨੂੰ ਵੀ ਸਿਵਲ ਹਸਪਤਾਲ ਵਿੱਚ ਚੈਕਅੱਪ ਲਈ ਲਿਆਂਦਾ ਗਿਆ ਸੀ।
ਐਸਐਸਪੀ ਮੁਤਾਬਕ ਮੈਡੀਕਲ ਜਾਂਚ ਪੂਰੀ ਹੋਣ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀ ਨਸੀਬ ਨੂੰ ਈ-ਰਿਕਸ਼ਾ ਵਿੱਚ ਵਾਪਸ ਲੈ ਕੇ ਜਾ ਰਹੇ ਸਨ ਤਾਂ ਉਸਨੇ ਅਚਾਨਕ ਤੇਜ਼ਧਾਰ ਹਥਿਆਰ ਨਾਲ ਇੱਕ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰ ਦਿੱਤਾ। ਪੁਲਿਸ ਕਰਮਚਾਰੀ ਨੇ ਪਹਿਲਾਂ ਹਾਲਾਤ ਕਾਬੂ ਕਰਨ ਲਈ ਜ਼ਮੀਨ ਵੱਲ ਗੋਲੀ ਚਲਾਈ, ਪਰ ਜਦੋਂ ਕੈਦੀ ਨਹੀਂ ਰੁਕਿਆ ਅਤੇ ਮੁੜ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਕਈ ਫਾਇਰ ਕੀਤੇ ਗਏ।
ਇਨ੍ਹਾਂ ਫਾਇਰਾਂ ਵਿੱਚੋਂ ਕੁਝ ਗੋਲੀਆਂ ਕੈਦੀ ਨਸੀਬ ਨੂੰ ਲੱਗੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਗਠਿਤ ਕਰ ਦਿੱਤੀ ਗਈ ਹੈ ਜੋ ਜਲਦ ਹੀ ਆਪਣੀ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਘਟਨਾ ਦੁਪਹਿਰ ਕਰੀਬ 1:30 ਵਜੇ ਵਾਪਰੀ।
ਉਨ੍ਹਾਂ ਕਿਹਾ ਕਿ ਚਾਰ ਪੁਲਿਸ ਕਰਮਚਾਰੀ ਤਿੰਨ ਕੈਦੀਆਂ ਨੂੰ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਤੋਂ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਜਾਂਚ ਮੁਕੰਮਲ ਹੋਣ ਮਗਰੋਂ ਜਦੋਂ ਪੁਲਿਸ ਟੀਮ ਉਨ੍ਹਾਂ ਨੂੰ ਵਾਪਸ ਜੇਲ੍ਹ ਲੈ ਕੇ ਜਾ ਰਹੀ ਸੀ ਤਾਂ ਕੈਦੀ ਨਸੀਬ ਸਿੰਘ, ਜੋ ਥਾਣਾ ਸਦਰ ਅਧੀਨ ਪਿੰਡ ਕੋਟਲਾ ਗੋਂਸਪੁਰ ਦਾ ਰਹਿਣ ਵਾਲਾ ਸੀ, ਨੇ ਹਥਕੜੀਆਂ ਲੱਗੀਆਂ ਹੋਣ ਦੇ ਬਾਵਜੂਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਪੁਲਿਸ ਅਨੁਸਾਰ ਇਸ ਦੌਰਾਨ ਉਸਨੇ ਇੱਕ ਪੁਲਿਸ ਮੁਲਾਜ਼ਮ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ। ਮਾਮਲੇ ਤੋਂ ਬਾਅਦ ਪੁਲਿਸ ਨੇ ਹਸਪਤਾਲ ਇਲਾਕੇ ਨੂੰ ਘੇਰ ਕੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੇ ਹਰ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
