ਹਾਈਵੇਅ ‘ਤੇ ਸਫ਼ਰ ਲਈ ਹੁਣ ਦੇਣੇ ਪੈਣਗੇ ਵੱਧ ਪੈਸੇ! ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ‘ਚ ਵਾਧਾ

ਹਾਈਵੇਅ ‘ਤੇ ਸਫ਼ਰ ਲਈ ਹੁਣ ਦੇਣੇ ਪੈਣਗੇ ਵੱਧ ਪੈਸੇ! ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ‘ਚ ਵਾਧਾ

NHAI ਨੇ ਆਪਣੇ ਟੋਲਿੰਗ ਫਰੇਮਵਰਕ ਵਿੱਚ ਸੋਧ ਕਰਦਿਆਂ ਟੋਲ ਦੀ ਗਣਨਾ ਲਈ 1.641 ਦੇ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ ਨੂੰ ਮੁੜ ਲਾਗੂ ਕੀਤਾ ਹੈ। ਇਸੇ ਦੇ ਆਧਾਰ ‘ਤੇ ਟੋਲ ਫੀਸ ਵਿੱਚ ਇਹ ਵਾਧਾ ਕੀਤਾ ਗਿਆ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਵਿੱਚ 5 ਤੋਂ 10 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਗਈਆਂ ਹਨ। ਸੋਧੀਆਂ ਗਈਆਂ ਦਰਾਂ ਅਨੁਸਾਰ ਜ਼ਿਆਦਾਤਰ ਟੋਲ ਪਲਾਜ਼ਿਆਂ ‘ਤੇ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ (LMV) ਲਈ 5 ਤੋਂ 10 ਰੁਪਏ ਵੱਧ ਟੋਲ ਦੇਣਾ ਹੋਵੇਗਾ, ਜਦਕਿ ਬੱਸਾਂ ਅਤੇ ਟਰੱਕਾਂ ਲਈ ਵੀ ਟੋਲ ਫੀਸ ਵਿੱਚ ਤਬਦੀਲੀ ਕੀਤੀ ਗਈ ਹੈ। 50 ਤੋਂ ਵੱਧ ਟੋਲ ਪਲਾਜ਼ਿਆਂ ਲਈ ਨਵੇਂ ਰੇਟ ਜਾਰੀ ਕੀਤੇ ਗਏ ਹਨ, ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਵਾਧਾ ਸੀਮਤ ਰੱਖਿਆ ਗਿਆ ਹੈ।

ਪੰਜਾਬ ਦੇ ਇਨ੍ਹਾਂ ਰੂਟਾਂ ‘ਤੇ ਵਧਿਆ ਟੋਲ

ਪੰਜਾਬ ਵਿੱਚ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਰੂਟਾਂ ‘ਤੇ ਸਫ਼ਰ ਕਰਨ ਵਾਲੇ ਨਿੱਜੀ ਕਾਰ ਅਤੇ ਹਲਕੇ ਮੋਟਰ ਵਾਹਨਾਂ ਦੇ ਚਾਲਕਾਂ ਨੂੰ ਹੁਣ ਪਹਿਲਾਂ ਨਾਲੋਂ 5 ਤੋਂ 10 ਰੁਪਏ ਵੱਧ ਟੋਲ ਅਦਾ ਕਰਨਾ ਪਵੇਗਾ।

ਇਨ੍ਹਾਂ ਟੋਲ ਪਲਾਜ਼ਿਆਂ ‘ਤੇ ਵਧੀਆਂ ਦਰਾਂ

  • ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ, NH-5)
  • ਕੋਟ ਕਰੋੜ ਟੋਲ ਪਲਾਜ਼ਾ (ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫਰੀਦਕੋਟ-ਬਠਿੰਡਾ, NH-15)
  • ਕਾਲਾ ਟਿੱਬਾ ਟੋਲ ਪਲਾਜ਼ਾ (ਅਬੋਹਰ-ਸੀਤੋ ਗੁਣੋ-ਡੱਬਵਾਲੀ ਰੋਡ)
  • ਸ਼ੇਖਪੁਰਾ ਟੋਲ ਪਲਾਜ਼ਾ (ਮੌੜ-ਰੋਮਾਣਾ ਮੰਡੀ, NH-254)
  • ਲਹਿਰਾ ਬੇਗਾ ਟੋਲ ਪਲਾਜ਼ਾ (ਤਪਾ-ਬਠਿੰਡਾ, NH-7)
  • ਖੂਈਆਂ ਸਰਵਰ ਟੋਲ ਪਲਾਜ਼ਾ (ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ, NH-7)
  • ਕਾਲਾਝਾਰ ਟੋਲ ਪਲਾਜ਼ਾ (ਪਟਿਆਲਾ ਬਾਈਪਾਸ, NH-64)
  • ਪੇਇੰਡ ਟੋਲ ਪਲਾਜ਼ਾ (ਸੰਗਰੂਰ-ਦੋਗਲ ਕਲਾਂ, NH-52)

ਟੋਲ ਦਰਾਂ ਵਿੱਚ ਵਾਧਾ ਕਿਉਂ ਹੋਇਆ?

NHAI ਨੇ ਆਪਣੇ ਟੋਲਿੰਗ ਫਰੇਮਵਰਕ ਵਿੱਚ ਸੋਧ ਕਰਦਿਆਂ ਟੋਲ ਦੀ ਗਣਨਾ ਲਈ 1.641 ਦੇ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ ਨੂੰ ਮੁੜ ਲਾਗੂ ਕੀਤਾ ਹੈ। ਇਸੇ ਦੇ ਆਧਾਰ ‘ਤੇ ਟੋਲ ਫੀਸ ਵਿੱਚ ਇਹ ਵਾਧਾ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪਿਛਲੇ ਸਾਲ ਕੁਝ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸ ਘਟਾਈ ਗਈ ਸੀ। ਹੁਣ ਸੋਧੇ ਗਏ ਫਰੇਮਵਰਕ ਤਹਿਤ ਪੁਰਾਣੀਆਂ ਦਰਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ 50 ਤੋਂ ਵੱਧ ਟੋਲ ਪਲਾਜ਼ਿਆਂ ਲਈ ਸੋਧੀਆਂ ਹੋਈਆਂ ਟੋਲ ਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *