ਵੋਟਰ ਲਿਸਟ ਵਿੱਚ ਵੱਡੀ ਛਾਂਟੀ, ਪਹਿਲੇ ਪੜਾਅ ਦੌਰਾਨ 66 ਹਜ਼ਾਰ ਤੋਂ ਵੱਧ ਨਾਮ ਹਟੇ; 21 ਜੁਲਾਈ ਨੂੰ ਜਾਰੀ ਹੋਵੇਗੀ ਡ੍ਰਾਫਟ ਸੂਚੀ
ਚੋਣ ਕਮਿਸ਼ਨ 21 ਜੁਲਾਈ ਨੂੰ ਡ੍ਰਾਫਟ ਵੋਟਰ ਸੂਚੀ ਜਾਰੀ ਕਰੇਗਾ, ਜਿਸ ਵਿੱਚ ਕਰੀਬ 4,50,324 ਵੋਟਰਾਂ ਦੇ ਨਾਮ ਸ਼ਾਮਲ ਹੋਣਗੇ। ਇਸ ਸਮੇਂ ਚੰਡੀਗੜ੍ਹ ਵਿੱਚ ਕੁੱਲ 5,16,470 ਰਜਿਸਟਰਡ ਵੋਟਰ ਦਰਜ ਹਨ।

ਚੰਡੀਗੜ੍ਹ
ਬਿਊਰੋ ਰਿਪੋਰਟ
ਚੰਡੀਗੜ੍ਹ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸਆਈਆਰ) ਦੇ ਪਹਿਲੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਵੋਟਰ ਸੂਚੀ ਵਿੱਚ ਵੱਡੇ ਬਦਲਾਅ ਸਾਹਮਣੇ ਆਏ ਹਨ। ਚੋਣ ਅਧਿਕਾਰੀਆਂ ਮੁਤਾਬਕ ਮਤਦਾਤਾ ਤਸਦੀਕ ਮੁਹਿੰਮ ਦੌਰਾਨ 66,146 ਵੋਟਰਾਂ ਦੇ ਨਾਮ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਚੋਣ ਕਮਿਸ਼ਨ 21 ਜੁਲਾਈ ਨੂੰ ਡ੍ਰਾਫਟ ਵੋਟਰ ਸੂਚੀ ਜਾਰੀ ਕਰੇਗਾ, ਜਿਸ ਵਿੱਚ ਕਰੀਬ 4,50,324 ਵੋਟਰਾਂ ਦੇ ਨਾਮ ਸ਼ਾਮਲ ਹੋਣਗੇ। ਇਸ ਸਮੇਂ ਚੰਡੀਗੜ੍ਹ ਵਿੱਚ ਕੁੱਲ 5,16,470 ਰਜਿਸਟਰਡ ਵੋਟਰ ਦਰਜ ਹਨ।
66 ਹਜ਼ਾਰ ਤੋਂ ਵੱਧ ਨਾਮ ਕਿਉਂ ਹਟਾਏ ਗਏ?
ਚੋਣ ਅਧਿਕਾਰੀਆਂ ਅਨੁਸਾਰ ਐਸਆਈਆਰ ਮੁਹਿੰਮ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿੱਥੇ ਵੋਟਰ ਹੁਣ ਚੰਡੀਗੜ੍ਹ ਵਿੱਚ ਨਹੀਂ ਰਹਿ ਰਹੇ ਸਨ ਜਾਂ ਉਨ੍ਹਾਂ ਦੀ ਤਸਦੀਕ ਨਹੀਂ ਹੋ ਸਕੀ। ਜਾਂਚ ਦੌਰਾਨ ਪਤਾ ਲੱਗਾ ਕਿ 43,724 ਵੋਟਰ ਸਥਾਈ ਤੌਰ ‘ਤੇ ਚੰਡੀਗੜ੍ਹ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਕਰੀਬ 12,500 ਵੋਟਰ ਕਈ ਵਾਰ ਘਰ ਜਾਣ ਦੇ ਬਾਵਜੂਦ ਨਹੀਂ ਮਿਲੇ। ਲਗਭਗ 3,500 ਵੋਟਰਾਂ ਦੀ ਮੌਤ ਹੋ ਚੁੱਕੀ ਸੀ, 2,590 ਨਾਮ ਡੁਪਲੀਕੇਟ ਪਾਏ ਗਏ, ਜਦਕਿ ਕਰੀਬ 700 ਨਾਮ ਹੋਰ ਕਾਰਨਾਂ ਕਰਕੇ ਸੂਚੀ ਵਿੱਚੋਂ ਹਟਾਏ ਗਏ ਹਨ।
ਐਸਆਈਆਰ ਮੁਹਿੰਮ ਦੌਰਾਨ 69,451 ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾਏ, ਪਰ ਉਨ੍ਹਾਂ ਦੇ ਵੇਰਵਿਆਂ ਦੀ ਪੁਰਾਣੇ ਰਿਕਾਰਡ ਨਾਲ ਸਹੀ ਤਰ੍ਹਾਂ ਮੈਪਿੰਗ ਨਹੀਂ ਹੋ ਸਕੀ। ਹੁਣ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਸਾਰੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।
ਯੋਗ ਵੋਟਰਾਂ ਨੂੰ ਮਿਲੇਗਾ ਦਾਅਵਾ ਕਰਨ ਦਾ ਮੌਕਾ
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਨਿਯਮਾਂ ਅਨੁਸਾਰ ਪੂਰੀ ਪ੍ਰਕਿਰਿਆ ਅਤੇ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਸੂਚੀ ਵਿੱਚੋਂ ਨਹੀਂ ਹਟਾਇਆ ਜਾਵੇਗਾ। ਜਿਨ੍ਹਾਂ ਲੋਕਾਂ ਦੇ ਨਾਮ 21 ਜੁਲਾਈ ਨੂੰ ਜਾਰੀ ਹੋਣ ਵਾਲੀ ਡ੍ਰਾਫਟ ਸੂਚੀ ਵਿੱਚ ਨਹੀਂ ਹੋਣਗੇ, ਉਹ 20 ਅਗਸਤ ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਇਸ ਲਈ ਉਹ ਫਾਰਮ-6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ।
ਚੰਡੀਗੜ੍ਹ ਦੀ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੇ ਦੱਸਿਆ ਕਿ ਐਸਆਈਆਰ ਮੁਹਿੰਮ ਤਹਿਤ ਸਾਰੇ ਰਜਿਸਟਰਡ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਗਏ ਸਨ। ਇਨ੍ਹਾਂ ਵਿੱਚੋਂ 4,50,324 ਵੋਟਰਾਂ ਨੇ ਨਿਰਧਾਰਤ ਸਮੇਂ ਅੰਦਰ ਆਪਣੇ ਫਾਰਮ ਜਮ੍ਹਾਂ ਕਰਵਾ ਦਿੱਤੇ, ਜਦਕਿ 66,146 ਲੋਕਾਂ ਨੇ ਫਾਰਮ ਵਾਪਸ ਨਹੀਂ ਕੀਤੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਯੋਗ ਵੋਟਰਾਂ ਦੇ ਨਾਮ ਡ੍ਰਾਫਟ ਸੂਚੀ ਵਿੱਚ ਨਹੀਂ ਆਉਂਦੇ, ਉਹ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਦਾਅਵੇ ਜਮ੍ਹਾਂ ਕਰਵਾਉਣ, ਤਾਂ ਜੋ ਉਨ੍ਹਾਂ ਦੇ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
