ਪੰਜਾਬ ‘ਚ ਮੌਸਮ ਬਦਲੇਗਾ ਰੰਗ, ਅਗਲੇ 4 ਦਿਨ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ
10 ਜੁਲਾਈ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 11 ਜੁਲਾਈ ਨੂੰ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਪੇਸ਼ਗੋਈ ਕੀਤੀ ਗਈ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਵਿੱਚ ਅੱਜ ਤੋਂ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸਵੇਰ ਵੇਲੇ ਪਏ ਮੀਂਹ ਤੋਂ ਬਾਅਦ ਅੰਮ੍ਰਿਤਸਰ, ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗਰਮੀ ਤੋਂ ਕਾਫ਼ੀ ਰਾਹਤ ਮਹਿਸੂਸ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਲਗਾਤਾਰ ਬਾਰਿਸ਼ ਕਾਰਨ ਸੂਬੇ ਦੇ ਤਾਪਮਾਨ ਵਿੱਚ ਕਰੀਬ ਪੰਜ ਡਿਗਰੀ ਸੈਲਸੀਅਸ ਤੱਕ ਦੀ ਕਮੀ ਆ ਸਕਦੀ ਹੈ। 10 ਜੁਲਾਈ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 11 ਜੁਲਾਈ ਨੂੰ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਪੇਸ਼ਗੋਈ ਕੀਤੀ ਗਈ ਹੈ।
ਐਤਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਿਹਾ, ਪਰ ਇਸ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ ਮੁੜ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.9 ਡਿਗਰੀ ਸੈਲਸੀਅਸ ਵਧਿਆ, ਜੋ ਆਮ ਦੇ ਨੇੜੇ ਰਿਹਾ।
ਉੱਥੇ ਹੀ ਘੱਟੋ-ਘੱਟ ਤਾਪਮਾਨ ਵਿੱਚ 1.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਹਾਲਾਂਕਿ ਇਹ ਆਮ ਨਾਲੋਂ 1.8 ਡਿਗਰੀ ਸੈਲਸੀਅਸ ਵੱਧ ਰਿਹਾ। ਐਸਬੀਐਸ ਨਗਰ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਹੋਇਆ, ਜਦਕਿ ਬਠਿੰਡਾ ਵਿੱਚ ਸੂਬੇ ਦਾ ਸਭ ਤੋਂ ਵੱਧ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.9 ਡਿਗਰੀ ਸੈਲਸੀਅਸ, ਲੁਧਿਆਣਾ 36.4 ਡਿਗਰੀ, ਪਟਿਆਲਾ 37.2 ਡਿਗਰੀ, ਪਠਾਨਕੋਟ 35.5 ਡਿਗਰੀ, ਗੁਰਦਾਸਪੁਰ 36.0 ਡਿਗਰੀ, ਫਾਜ਼ਿਲਕਾ 39.0 ਡਿਗਰੀ, ਫਿਰੋਜ਼ਪੁਰ 35.9 ਡਿਗਰੀ, ਸੰਗਰੂਰ 35.8 ਡਿਗਰੀ ਅਤੇ ਰੂਪਨਗਰ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 29.2 ਡਿਗਰੀ ਸੈਲਸੀਅਸ, ਲੁਧਿਆਣਾ 26.2 ਡਿਗਰੀ, ਪਟਿਆਲਾ 26.7 ਡਿਗਰੀ, ਪਠਾਨਕੋਟ 23.9 ਡਿਗਰੀ, ਬਠਿੰਡਾ 30.8 ਡਿਗਰੀ, ਫਰੀਦਕੋਟ 30.6 ਡਿਗਰੀ, ਫਾਜ਼ਿਲਕਾ 29.2 ਡਿਗਰੀ, ਫਿਰੋਜ਼ਪੁਰ 29.5 ਡਿਗਰੀ ਅਤੇ ਰੂਪਨਗਰ 27.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
