ਪੰਜਾਬ ‘ਚ ਮੀਂਹ ਤੇ ਤੂਫ਼ਾਨ ਦਾ ਵੱਡਾ ਅਸਰ, ਵੱਖ-ਵੱਖ ਹਾਦਸਿਆਂ ‘ਚ 3 ਲੋਕਾਂ ਦੀ ਗਈ ਜਾਨ

ਪੰਜਾਬ ‘ਚ ਮੀਂਹ ਤੇ ਤੂਫ਼ਾਨ ਦਾ ਵੱਡਾ ਅਸਰ, ਵੱਖ-ਵੱਖ ਹਾਦਸਿਆਂ ‘ਚ 3 ਲੋਕਾਂ ਦੀ ਗਈ ਜਾਨ

ਪੰਜਾਬ ਰਾਜ ਬਿਜਲੀ ਨਿਗਮ (PSPCL) ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਸੂਬੇ ਦੇ ਬਿਜਲੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਮੋਹਾਲੀ

ਬਿਊਰੋ ਰਿਪੋਰਟ

ਮੋਹਾਲੀ- ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਸੂਬੇ ਭਰ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਵੀ ਕੀਤਾ ਹੈ।

ਮੀਂਹ ਅਤੇ ਤੂਫ਼ਾਨ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਦੌਰਾਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ ਵਿੱਚ ਭਾਰੀ ਮੀਂਹ ਕਾਰਨ ਇੱਕ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ। ਇਸੇ ਤਰ੍ਹਾਂ ਫਾਜ਼ਿਲਕਾ ਦੇ ਝੰਗੜ ਭੈਣੀ ਪਿੰਡ ਵਿੱਚ ਇੱਕ ਸੀਮਿੰਟ ਦਾ ਸ਼ੈੱਡ ਉੱਡ ਕੇ ਲੰਘ ਰਹੀ ਸੁਨੀਤਾ ਰਾਣੀ ਨਾਂ ਦੀ ਮਹਿਲਾ ਉੱਪਰ ਜਾ ਡਿੱਗਿਆ, ਜਿਸ ਕਾਰਨ ਉਸ ਦੀ ਗਰਦਨ ਕੱਟੀ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਵਿੱਚ ਵੀ ਇੱਕ ਹੋਰ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਦੂਜੇ ਪਾਸੇ ਲੁਧਿਆਣਾ ਦੇ ਟੈਗੋਰ ਨਗਰ ਵਿੱਚ ਸ਼ੁੱਕਰਵਾਰ ਰਾਤ ਆਏ ਭਾਰੀ ਤੂਫ਼ਾਨ ਕਾਰਨ ਇੱਕ ਵਿਸ਼ਾਲ ਦਰੱਖਤ ਸੜਕ ‘ਤੇ ਡਿੱਗ ਪਿਆ, ਜਿਸ ਕਾਰਨ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ।

ਪੰਜਾਬ ਰਾਜ ਬਿਜਲੀ ਨਿਗਮ (PSPCL) ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਸੂਬੇ ਦੇ ਬਿਜਲੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। 850 ਤੋਂ ਵੱਧ ਬਿਜਲੀ ਦੇ ਖੰਭੇ ਉਖੜ ਗਏ, ਜਦਕਿ 129 ਟ੍ਰਾਂਸਫਾਰਮਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ 8.57 ਕਿਲੋਮੀਟਰ ਲੰਬੀਆਂ ਮੁੱਖ ਬਿਜਲੀ ਲਾਈਨਾਂ ਅਤੇ ਹਾਈ-ਵੋਲਟੇਜ ਕੇਬਲਾਂ ਟੁੱਟਣ ਕਾਰਨ ਦਰਜਨਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਮੌਸਮ ਠੰਢਾ ਹੋਣ ਕਾਰਨ ਸੂਬੇ ਵਿੱਚ ਬਿਜਲੀ ਦੀ ਕੁੱਲ ਮੰਗ ਘਟ ਕੇ 12,074 ਮੈਗਾਵਾਟ ਰਹਿ ਗਈ ਹੈ, ਜਿਸ ਵਿੱਚੋਂ 4,384 ਮੈਗਾਵਾਟ ਬਿਜਲੀ ਸੂਬੇ ਦੇ ਅੰਦਰ ਪੈਦਾ ਕੀਤੀ ਗਈ, ਜਦਕਿ 7,686 ਮੈਗਾਵਾਟ ਕੇਂਦਰੀ ਗਰਿੱਡ ਤੋਂ ਲਈ ਗਈ। ਮੌਜੂਦਾ ਸਮੇਂ ਪੰਜਾਬ ਆਪਣੇ ਨਿਰਧਾਰਤ ਕੋਟੇ ਨਾਲੋਂ 625 ਮੈਗਾਵਾਟ ਘੱਟ ਬਿਜਲੀ ਲੈ ਰਿਹਾ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *