ਪੰਜਾਬ ‘ਚ ਭਾਜਪਾ ਨੂੰ ਮਿਲੇ 93 ਫ਼ੀਸਦੀ ਚੰਦੇ ‘ਤੇ ਕੇਜਰੀਵਾਲ ਦੇ ਸਵਾਲ, ADR ਰਿਪੋਰਟ ਦਾ ਕੀਤਾ ਜ਼ਿਕਰ
ਇਸੇ ਵਿਚਕਾਰ ਕੇਜਰੀਵਾਲ ਨੇ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਭਾਜਪਾ ਨੂੰ “ਈਡੀ ਪਾਰਟੀ” ਕਿਹਾ ਅਤੇ ਪੰਜਾਬ ਵਿੱਚ ਪਾਰਟੀ ਨੂੰ ਮਿਲੇ ਚੰਦੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਬੀਤੇ ਦਿਨ ਈਡੀ ਦੀਆਂ ਕਾਰਵਾਈਆਂ ਚਰਚਾ ਦਾ ਕੇਂਦਰ ਰਹੀਆਂ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ਆਗੂਆਂ ਨੇ ਇਨ੍ਹਾਂ ਛਾਪਿਆਂ ਨੂੰ ਕਾਰੋਬਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੱਸਿਆ। ਇਸੇ ਵਿਚਕਾਰ ਕੇਜਰੀਵਾਲ ਨੇ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਭਾਜਪਾ ਨੂੰ “ਈਡੀ ਪਾਰਟੀ” ਕਿਹਾ ਅਤੇ ਪੰਜਾਬ ਵਿੱਚ ਪਾਰਟੀ ਨੂੰ ਮਿਲੇ ਚੰਦੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।
ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ਪੰਜਾਬ ਵਿੱਚ ਈਡੀ ਪਾਰਟੀ ਦੀਆਂ ਸਿਰਫ਼ ਦੋ ਵਿਧਾਨ ਸਭਾ ਸੀਟਾਂ ਹਨ, ਪਰ ਇਸ ਦੇ ਬਾਵਜੂਦ ਉਸ ਨੂੰ ਸੂਬੇ ਵਿੱਚ ਹੋਏ ਕੁੱਲ ਰਾਜਨੀਤਿਕ ਚੰਦੇ ਦਾ 93 ਫ਼ੀਸਦੀ ਹਿੱਸਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇੰਨੀ ਵੱਡੀ ਰਕਮ ਆਖ਼ਿਰ ਕਿਸ ਕਾਰਨ ਦਿੱਤੀ ਜਾ ਰਹੀ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਈਡੀ ਅਤੇ ਸੀਬੀਆਈ ਰਾਹੀਂ ਵਪਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਚੰਦੇ ਦੇ ਨਾਂ ‘ਤੇ ਵਸੂਲੀ ਕੀਤੀ ਜਾ ਰਹੀ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਈਡੀ ਪਾਰਟੀ ਨੇ ਕਿਸਾਨ ਅੰਦੋਲਨ ਤੋਂ ਵੀ ਕੋਈ ਸਬਕ ਨਹੀਂ ਲਿਆ।

ਕੇਜਰੀਵਾਲ ਨੇ ਕਿਹੜੀ ਰਿਪੋਰਟ ਦਾ ਦਿੱਤਾ ਹਵਾਲਾ?
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਦਾਅਵਿਆਂ ਲਈ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਹੈ। ਦਰਅਸਲ ਇਹ ਅੰਕੜੇ ਐਸੋਸੀਏਸ਼ਨ ਫ਼ਾਰ ਡੈਮੋਕ੍ਰੈਟਿਕ ਰਿਫਾਰਮਜ਼ (ADR) ਵੱਲੋਂ 26 ਮਾਰਚ 2026 ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਰਜ ਹਨ। ਇਹ ਰਿਪੋਰਟ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਅਧਿਕਾਰਕ ਡਾਟੇ ‘ਤੇ ਆਧਾਰਿਤ ਹੈ, ਜਿਸ ਤਹਿਤ ਕੌਮੀ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਵੱਧ ਦੇ ਹਰ ਚੰਦੇ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ।
ADR ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2024-25 ਦੌਰਾਨ ਪੰਜਾਬ ਵਿੱਚ ਕੌਮੀ ਪੱਧਰ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਕੁੱਲ 64.74 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਕਰੀਬ 60.30 ਕਰੋੜ ਰੁਪਏ ਪ੍ਰਾਪਤ ਹੋਏ, ਜੋ ਕਿ ਕੁੱਲ ਚੰਦੇ ਦਾ ਲਗਭਗ 93 ਫ਼ੀਸਦੀ ਬਣਦਾ ਹੈ। ਬਾਕੀ 7 ਫ਼ੀਸਦੀ ਵਿੱਚੋਂ ਤਕਰੀਬਨ 3.70 ਕਰੋੜ ਰੁਪਏ ਕਾਂਗਰਸ ਅਤੇ ਕਰੀਬ 71 ਲੱਖ ਰੁਪਏ ਆਮ ਆਦਮੀ ਪਾਰਟੀ ਨੂੰ ਚੰਦੇ ਵਜੋਂ ਮਿਲੇ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਾਰੇ ਅੰਕੜੇ ਸਬੰਧਤ ਪਾਰਟੀਆਂ ਵੱਲੋਂ ਖ਼ੁਦ ਘੋਸ਼ਿਤ ਕੀਤੇ ਗਏ ਹਨ ਅਤੇ ਇਸ ਵਿੱਚ ਦੇਸ਼ ਭਰ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਵਿੱਚ ਮਿਲੇ ਚੰਦੇ ਦਾ ਪੂਰਾ ਵੇਰਵਾ ਸ਼ਾਮਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
