ਪ੍ਰਦਰਸ਼ਨਾਂ ਦੌਰਾਨ ਪੈਲੇਟ ਗੰਨ ਦੀ ਵਰਤੋਂ ‘ਤੇ ਰੋਕ ਦੀ ਮੰਗ, ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜਿਆ ਨੋਟਿਸ

ਪ੍ਰਦਰਸ਼ਨਾਂ ਦੌਰਾਨ ਪੈਲੇਟ ਗੰਨ ਦੀ ਵਰਤੋਂ ‘ਤੇ ਰੋਕ ਦੀ ਮੰਗ, ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜਿਆ ਨੋਟਿਸ

ਪਟੀਸ਼ਨਾਂ ਵਿੱਚ ਅਪੀਲ ਕੀਤੀ ਗਈ ਹੈ ਕਿ ਨਾਗਰਿਕ ਪ੍ਰਦਰਸ਼ਨਾਂ ਅਤੇ ਇਕੱਠਾਂ ਨੂੰ ਖ਼ਤਮ ਕਰਨ ਲਈ ਪੈਲੇਟ ਗੰਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾਵੇ।

ਨਵੀਂ ਦਿੱਲੀ

ਬਿਊਰੋ ਰਿਪੋਰਟ

ਸੁਪਰੀਮ ਕੋਰਟ ਨੇ ਸਾਬਕਾ IPS ਅਧਿਕਾਰੀ ਯਸ਼ੋਵਰਧਨ ਆਜ਼ਾਦ ਅਤੇ ਪੈਲੇਟ ਗੰਨ ਨਾਲ ਜ਼ਖ਼ਮੀ ਹੋਏ ਦੋ ਵਿਅਕਤੀਆਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਪਟੀਸ਼ਨਾਂ ਵਿੱਚ ਅਪੀਲ ਕੀਤੀ ਗਈ ਹੈ ਕਿ ਨਾਗਰਿਕ ਪ੍ਰਦਰਸ਼ਨਾਂ ਅਤੇ ਇਕੱਠਾਂ ਨੂੰ ਖ਼ਤਮ ਕਰਨ ਲਈ ਪੈਲੇਟ ਗੰਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾਵੇ।

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ 20 ਜੁਲਾਈ ਨੂੰ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਰੈਪਿਡ ਐਕਸ਼ਨ ਫੋਰਸ (RAF) ਵੱਲੋਂ ਵਰਤੇ ਗਏ ਗੋਲਾ-ਬਾਰੂਦ (Ammunition) ਨਾਲ ਸਬੰਧਤ ਰਿਕਾਰਡ ਨੂੰ ਸੁਰੱਖਿਅਤ ਰੱਖਿਆ ਜਾਵੇ।

ਪੈਲੇਟ ਗੰਨ ਨੂੰ ਦੱਸਿਆ ਗੰਭੀਰ ਸੱਟਾਂ ਦਾ ਕਾਰਨ

ਪਟੀਸ਼ਨਰਾਂ ਦਾ ਕਹਿਣਾ ਹੈ ਕਿ ਭਾਵੇਂ ਪੈਲੇਟ ਗੰਨ ਨੂੰ “ਘੱਟ ਘਾਤਕ” ਜਾਂ “ਗੈਰ-ਘਾਤਕ” ਹਥਿਆਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਨੇੜੇ ਤੋਂ ਚਲਾਉਣ ‘ਤੇ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ ਅਤੇ ਸਰੀਰ ਦੇ ਸੰਵੇਦਨਸ਼ੀਲ ਅੰਗਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਨੇ 20 ਜੁਲਾਈ ਦੀ ਘਟਨਾ ਵਿੱਚ 19 ਸਾਲਾ ਸਾਹਿਲ ਲੋਛਾਬ ਦੀ ਅੱਖ ‘ਤੇ ਲੱਗੀ ਸੱਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਹਥਿਆਰ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਨਹੀਂ ਹੋਣੀ ਚਾਹੀਦੀ।

ਯੂਐਨ ਦੇ ਦਿਸ਼ਾ-ਨਿਰਦੇਸ਼ਾਂ ਦਾ ਵੀ ਦਿੱਤਾ ਹਵਾਲਾ

ਪਟੀਸ਼ਨ ਵਿੱਚ ਸੰਯੁਕਤ ਰਾਸ਼ਟਰ (UN) ਦੀਆਂ Guidelines on Less Lethal Weapons in Law Enforcement ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਭੀੜ ਨੂੰ ਕਾਬੂ ਕਰਨ ਲਈ ਧਾਤੂ ਪੈਲੇਟਾਂ ਵਾਲੀਆਂ ਗੰਨਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਹਥਿਆਰ “ਲੋੜ, ਅਨੁਪਾਤਿਕਤਾ ਅਤੇ ਵਾਜਬਤਾ” ਦੇ ਸੰਵਿਧਾਨਕ ਸਿਧਾਂਤਾਂ ‘ਤੇ ਖਰੇ ਨਹੀਂ ਉਤਰਦੇ।

‘ਸੰਸਦ ਚਲੋ’ ਮਾਰਚ ਦੌਰਾਨ ਜ਼ਖ਼ਮੀ ਹੋਣ ਦਾ ਦਾਅਵਾ

ਇਸ ਮਾਮਲੇ ਵਿੱਚ ਯਸ਼ੋਵਰਧਨ ਆਜ਼ਾਦ ਤੋਂ ਇਲਾਵਾ 25 ਸਾਲਾ ਕਲਾਕਾਰ ਪ੍ਰਸ਼ਾਂਤ ਕੁਮਾਰ ਸਿੰਘ ਅਤੇ 26 ਸਾਲਾ ਸ਼ੇਖ ਇਰਸ਼ਾਦ ਮਨਸੂਰੀ ਵੀ ਪਟੀਸ਼ਨਰ ਹਨ। ਪ੍ਰਸ਼ਾਂਤ ਸਿੰਘ ਨੇ ਦਾਅਵਾ ਕੀਤਾ ਹੈ ਕਿ 20 ਜੁਲਾਈ ਨੂੰ ਹੋਏ ‘ਸੰਸਦ ਚਲੋ’ ਮਾਰਚ ਦੌਰਾਨ RAF ਵੱਲੋਂ ਕੀਤੀ ਗਈ ਕਥਿਤ ਪੈਲੇਟ ਫਾਇਰਿੰਗ ਵਿੱਚ ਉਹ ਜ਼ਖ਼ਮੀ ਹੋਏ। ਉੱਧਰ ਸ਼ੇਖ ਇਰਸ਼ਾਦ ਮਨਸੂਰੀ ਦਾ ਕਹਿਣਾ ਹੈ ਕਿ ਉਹ ਵੀਜ਼ਾ ਸਬੰਧੀ ਕੰਮ ਲਈ ਕਨਾਟ ਪਲੇਸ ਗਿਆ ਹੋਇਆ ਸੀ ਅਤੇ ਇਸੇ ਦੌਰਾਨ ਹੋਈ ਪੈਲੇਟ ਫਾਇਰਿੰਗ ਵਿੱਚ ਉਹ ਵੀ ਜ਼ਖ਼ਮੀ ਹੋ ਗਿਆ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *