ਕੇਜਰੀਵਾਲ ਮਾਮਲੇ ‘ਚ ਦਿੱਲੀ ਹਾਈ ਕੋਰਟ ਦੀ ਵੱਡੀ ਕਾਰਵਾਈ: ਵਾਧੂ ਹਲਫ਼ਨਾਮਾ ਅਤੇ CBI ਦੀਆਂ ਦਲੀਲਾਂ ਰਿਕਾਰਡ ‘ਚ ਸ਼ਾਮਲ
ਇਸਦੇ ਨਾਲ ਹੀ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (CBI) ਦੀਆਂ ਲਿਖਤੀ ਦਲੀਲਾਂ ਨੂੰ ਵੀ ਮਾਮਲੇ ਦਾ ਹਿੱਸਾ ਮੰਨ ਲਿਆ ਹੈ।

ਨਵੀਂ ਦਿੱਲੀ-
ਬਿਊਰੋ ਰਿਪੋਟਰ
ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਕੇਸ ਵਿੱਚ ਅਹਿਮ ਫੈਸਲਾ ਕਰਦਿਆਂ ਉਨ੍ਹਾਂ ਵੱਲੋਂ ਦਿੱਤਾ ਗਿਆ ਵਾਧੂ ਹਲਫ਼ਨਾਮਾ ਰਿਕਾਰਡ ‘ਤੇ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸਦੇ ਨਾਲ ਹੀ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (CBI) ਦੀਆਂ ਲਿਖਤੀ ਦਲੀਲਾਂ ਨੂੰ ਵੀ ਮਾਮਲੇ ਦਾ ਹਿੱਸਾ ਮੰਨ ਲਿਆ ਹੈ।

ਸੁਣਵਾਈ ਦੌਰਾਨ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ, ਜਦਕਿ ਕੇਂਦਰ ਦੀ ਪੱਖੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੀ ਆਨਲਾਈਨ ਤਰੀਕੇ ਨਾਲ ਅਦਾਲਤ ਵਿੱਚ ਸ਼ਾਮਲ ਹੋਏ। ਇਸ ਦੌਰਾਨ ਕੇਜਰੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਇੱਕ ਹੋਰ ਹਲਫ਼ਨਾਮਾ ਪੇਸ਼ ਕਰਨਾ ਚਾਹੁੰਦੇ ਹਨ, ਜੋ ਪਹਿਲਾਂ ਹੀ ਰਜਿਸਟਰੀ ਵਿੱਚ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਨੂੰ ਰਿਕਾਰਡ ‘ਤੇ ਲਿਆਉਣ ਲਈ ਅਦਾਲਤੀ ਮਨਜ਼ੂਰੀ ਲਾਜ਼ਮੀ ਸੀ।

ਤੁਸ਼ਾਰ ਮਹਿਤਾ ਨੇ ਇਸ ਬੇਨਤੀ ‘ਤੇ ਕੋਈ ਵਿਰੋਧ ਨਹੀਂ ਕੀਤਾ, ਹਾਲਾਂਕਿ ਪਿਛਲੇ ਮੌਕੇ ‘ਤੇ ਇਸ ਤਰ੍ਹਾਂ ਦੀ ਮੰਗ ਮਨਜ਼ੂਰ ਨਹੀਂ ਕੀਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ CBI ਵੱਲੋਂ ਜਲਦ ਹੀ ਲਿਖਤੀ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ। ਇਸ ‘ਤੇ ਕੇਜਰੀਵਾਲ ਨੇ ਅਦਾਲਤ ਤੋਂ ਅਪੀਲ ਕੀਤੀ ਕਿ ਉਹਨਾਂ ਦਲੀਲਾਂ ਦੀ ਇੱਕ ਕਾਪੀ ਉਨ੍ਹਾਂ ਦੇ ਵਕੀਲਾਂ ਨੂੰ ਵੀ ਪ੍ਰਦਾਨ ਕੀਤੀ ਜਾਵੇ।
ਅਦਾਲਤ ਨੇ ਦੋਵਾਂ ਪੱਖਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਵਾਧੂ ਹਲਫ਼ਨਾਮੇ ਅਤੇ CBI ਦੀਆਂ ਲਿਖਤੀ ਦਲੀਲਾਂ ਨੂੰ ਰਿਕਾਰਡ ‘ਚ ਸ਼ਾਮਲ ਕਰ ਲਿਆ ਹੈ। ਇਸ ਨਾਲ ਮਾਮਲੇ ਦੀ ਅਗਲੀ ਕਾਰਵਾਈ ਦੌਰਾਨ ਨਵੇਂ ਪੱਖਾਂ ‘ਤੇ ਵਿਚਾਰ ਹੋਣ ਦੀ ਸੰਭਾਵਨਾ ਵਧ ਗਈ ਹੈ।-
