ਕਾਂਗਰਸ ‘ਚ ਅੰਦਰੂਨੀ ਟਕਰਾਅ ਹੋਇਆ ਹੋਰ ਗਹਿਰਾ, ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਚੰਨੀ ਖ਼ਿਲਾਫ਼ ਪੋਸਟਰਬਾਜ਼ੀ

ਕਾਂਗਰਸ ‘ਚ ਅੰਦਰੂਨੀ ਟਕਰਾਅ ਹੋਇਆ ਹੋਰ ਗਹਿਰਾ, ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਚੰਨੀ ਖ਼ਿਲਾਫ਼ ਪੋਸਟਰਬਾਜ਼ੀ

ਪੋਸਟਰਾਂ ‘ਤੇ ਲਿਖਿਆ ਗਿਆ, “ਰਾਹੁਲ ਗਾਂਧੀ ਨੂੰ ਇੱਕੋ ਪੁਕਾਰ, ਚੰਨੀ ਨੂੰ ਕਰੋ ਕਾਂਗਰਸ ‘ਚੋਂ ਬਾਹਰ।”

ਸ੍ਰੀ ਅੰਮ੍ਰਿਤਸਰ ਸਾਹਿਬ

ਬਿਊਰੋ ਰਿਪੋਰਟ

 ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ। ਇਸ ਵਾਰ ਅੰਮ੍ਰਿਤਸਰ ਦੇ ਲਾਰੈਂਸ ਰੋਡ ਸਥਿਤ ਕੰਪਨੀ ਬਾਗ਼ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵਿਰੋਧ ਵਿੱਚ ਵਿਵਾਦਤ ਪੋਸਟਰ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਲਗਵਾਏ ਗਏ ਹਨ, ਜਿਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀ ਮੰਨਿਆ ਜਾ ਰਿਹਾ ਹੈ। ਪੋਸਟਰਾਂ ‘ਤੇ ਲਿਖਿਆ ਗਿਆ, “ਰਾਹੁਲ ਗਾਂਧੀ ਨੂੰ ਇੱਕੋ ਪੁਕਾਰ, ਚੰਨੀ ਨੂੰ ਕਰੋ ਕਾਂਗਰਸ ‘ਚੋਂ ਬਾਹਰ।”

ਫਿਰੋਜ਼ਪੁਰ ਵਿੱਚ ਵੀ ਚੰਨੀ ਦੇ ਵਿਰੋਧ ਦੀ ਗੂੰਜ

ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਵੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਵਾਦਤ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਨੂੰ ਆਰਐੱਸਐੱਸ ਲਿਖੀ ਟੀ-ਸ਼ਰਟ ਵਿੱਚ ਦਰਸਾਇਆ ਗਿਆ ਸੀ ਅਤੇ ਉੱਪਰ ਵੱਡੇ ਅੱਖਰਾਂ ਵਿੱਚ “ਚੰਨੀ ਭਜਾਓ, ਕਾਂਗਰਸ ਬਚਾਓ” ਦਾ ਨਾਅਰਾ ਲਿਖਿਆ ਹੋਇਆ ਸੀ। ਇਹ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਹੋਏ ਨਜ਼ਰ ਆਏ।

ਪੋਸਟਰਾਂ ਰਾਹੀਂ ਸਿਆਸੀ ਤਕਰਾਰ ਹੋਈ ਹੋਰ ਤੇਜ਼

ਸੋਮਵਾਰ ਨੂੰ ਮੁਕਤਸਰ ਅਤੇ ਫਿਰੋਜ਼ਪੁਰ ਵਿੱਚ ਵੀ ਪੋਸਟਰਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਰਿਹਾ। ਮੁਕਤਸਰ ਵਿੱਚ ਲੱਗੇ ਕੁਝ ਪੋਸਟਰਾਂ ਵਿੱਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਹਕੂਮਤ ਦੇ ਇੱਕ ਅਧਿਕਾਰੀ ਦੀ ਵਰਦੀ ਵਿੱਚ ਦਰਸਾਇਆ ਗਿਆ ਸੀ, ਜਦਕਿ ਹੇਠਾਂ “Go Back Baghel” ਲਿਖਿਆ ਗਿਆ ਸੀ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ ਚੱਲੇ “Simon Go Back” ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਸਨ।

ਦੂਜੇ ਪਾਸੇ ਚੰਨੀ ਦੇ ਸਮਰਥਨ ਵਿੱਚ ਵੀ ਕਈ ਪੋਸਟਰ ਸਾਹਮਣੇ ਆਏ। ਇੱਕ ਪੋਸਟਰ ‘ਤੇ “ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ” ਲਿਖਿਆ ਗਿਆ ਸੀ, ਜਦਕਿ ਦੂਜੇ ‘ਤੇ “ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ” ਦਾ ਸੰਦੇਸ਼ ਲਿਖਿਆ ਹੋਇਆ ਸੀ।

ਲੀਡਰਸ਼ਿਪ ਨਾਲ ਦੂਰੀ ਨੂੰ ਲੈ ਕੇ ਚਰਚਾਵਾਂ ਜਾਰੀ

ਉੱਧਰ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਲੀਡਰਸ਼ਿਪ ਦਰਮਿਆਨ ਵਧ ਰਹੀ ਦੂਰੀ ਵੀ ਸਿਆਸੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਦੌਰੇ ਦੌਰਾਨ ਭੂਪੇਸ਼ ਬਘੇਲ ਵੱਲੋਂ ਚੰਨੀ ਨਾਲ ਮੁਲਾਕਾਤ ਨਾ ਕਰਨ ਅਤੇ ਚੰਨੀ ਵੱਲੋਂ ਪਾਰਟੀ ਦੇ ਕੁਝ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਨਵੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *