ਅਗਵਾ ਦਾ ਨਾਟਕ ਨਿਕਲਿਆ ਫ਼ਰਜ਼ੀ: ਭੈਣ ਵੱਲੋਂ ਭੇਜੇ ਪੈਸੇ ਹੜੱਪਣ ਲਈ ਬਣਾਈ ਗਈ ਸਾਜ਼ਿਸ਼ ਬੇਨਕਾਬ

ਅਗਵਾ ਦਾ ਨਾਟਕ ਨਿਕਲਿਆ ਫ਼ਰਜ਼ੀ: ਭੈਣ ਵੱਲੋਂ ਭੇਜੇ ਪੈਸੇ ਹੜੱਪਣ ਲਈ ਬਣਾਈ ਗਈ ਸਾਜ਼ਿਸ਼ ਬੇਨਕਾਬ

ਇਸ ‘ਤੇ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾਈਆਂ ਅਤੇ ਮਾਮਲੇ ਨੂੰ ਜਲਦੀ ਹੀ ਟਰੇਸ ਕਰ ਲਿਆ।

ਮਾਨਸਾ

ਬਿਊਰੋ ਰਿਪੋਰਟ

ਜ਼ਿਲ੍ਹਾ ਮਾਨਸਾ ਵਿੱਚ ਇਕ ਚੌਂਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਦੇ ਅਗਵਾ ਦੀ ਖ਼ਬਰ ਬਾਅਦ ਵਿੱਚ ਝੂਠੀ ਸਾਬਤ ਹੋਈ। ਪਿੰਡ ਖਿਆਲਾ ਕਲਾਂ ਦੇ ਰਹਿਣ ਵਾਲੇ ਰਾਜ ਸਿੰਘ ਨੇ ਐਮਰਜੈਂਸੀ ਨੰਬਰ 112 ‘ਤੇ ਕਾਲ ਕਰਕੇ ਆਪਣੇ ਪੁੱਤਰ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਕਾਰਨ ਪੁਲਿਸ ਤੁਰੰਤ ਐਕਸ਼ਨ ‘ਚ ਆ ਗਈ। ਪਰ ਕੁਝ ਹੀ ਸਮੇਂ ਵਿੱਚ ਜਾਂਚ ਦੌਰਾਨ ਪੂਰਾ ਮਾਮਲਾ ਖੁਲ੍ਹ ਕੇ ਸਾਹਮਣੇ ਆ ਗਿਆ।

ਐਸਐਸਪੀ ਭਗੀਰਥ ਮੀਨਾ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਨੂੰ ਆਰਟੀਓ ਦਫ਼ਤਰ ਨੇੜੇ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰਨ ਦੀ ਗੱਲ ਕਹੀ ਗਈ ਸੀ ਅਤੇ ਉਸਦੇ ਕੋਲ ਵੱਡੀ ਰਕਮ ਵੀ ਮੌਜੂਦ ਸੀ। ਇਸ ‘ਤੇ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾਈਆਂ ਅਤੇ ਮਾਮਲੇ ਨੂੰ ਜਲਦੀ ਹੀ ਟਰੇਸ ਕਰ ਲਿਆ।

ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਸੰਦੀਪ ਸਿੰਘ ਨੇ ਆਪਣੀ ਵਿਦੇਸ਼ ਰਹਿੰਦੀ ਭੈਣ ਵੱਲੋਂ ਭੇਜੇ ਗਏ 5 ਲੱਖ ਰੁਪਏ ਆਪਣੇ ਸਾਥੀ ਕੇਸਰ ਸਿੰਘ ਨਾਲ ਮਿਲ ਕੇ ਕੱਢੇ ਸਨ। ਬਾਅਦ ਵਿੱਚ ਉਹਨਾਂ ਨੇ ਪੈਸੇ ਦੁਗਣੇ ਕਰਨ ਦਾ ਝਾਂਸਾ ਬਣਾਇਆ ਅਤੇ ਝੂਠੀ ਕਹਾਣੀ ਘੜੀ ਕਿ ਰਕਮ ਅੱਗ ਨਾਲ ਸੜ ਗਈ। ਹਕੀਕਤ ਵਿੱਚ ਇਹ ਸਾਰਾ ਡਰਾਮਾ ਪੈਸੇ ਆਪਣੇ ਕੋਲ ਰੱਖਣ ਲਈ ਕੀਤਾ ਗਿਆ ਸੀ।

ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਕਰੀਬ 2 ਲੱਖ 30 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ, ਜਦਕਿ ਕੁਝ ਰਕਮ ਉਹਨਾਂ ਵੱਲੋਂ ਖਰਚ ਕੀਤੇ ਜਾਣ ਦੀ ਗੱਲ ਵੀ ਮੰਨੀ ਗਈ ਹੈ।

ਇਸ ਮਾਮਲੇ ਵਿੱਚ ਸੰਦੀਪ ਸਿੰਘ, ਕੇਸਰ ਸਿੰਘ ਅਤੇ ਸੁਖਚੈਨ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *