ਅਕਾਲੀ ਆਗੂ ਜਸਕਰਨਜੀਤ ਦਿਓਲ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ, ਨਾਬਾਲਗ ਨਾਲ ਜਿਣਸੀ ਸ਼ੋਸ਼ਣ ਤੇ ਧਮਕੀਆਂ ਦੇ ਦੋਸ਼

ਅਕਾਲੀ ਆਗੂ ਜਸਕਰਨਜੀਤ ਦਿਓਲ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ, ਨਾਬਾਲਗ ਨਾਲ ਜਿਣਸੀ ਸ਼ੋਸ਼ਣ ਤੇ ਧਮਕੀਆਂ ਦੇ ਦੋਸ਼

ਐਫਆਈਆਰ ਮੁਤਾਬਕ ਜਸਕਰਨਜੀਤ ਦਿਓਲ ਅਕਤੂਬਰ 2024 ਵਿੱਚ ਪਰਿਵਾਰ ਨੂੰ ਮੋਹਾਲੀ ਦੇ ਇੱਕ ਫਲੈਟ ਵਿੱਚ ਲੈ ਆਇਆ, ਜਿੱਥੇ ਪੀੜਤ ਲੜਕੀ ਅਤੇ ਉਸ ਦੀ ਭੈਣ ਵੀ ਰਹਿ ਰਹੀਆਂ ਸਨ।

ਮੋਹਾਲੀ

ਬਿਊਰੋ ਰਿਪੋਰਟ

ਮੋਹਾਲੀ ਦੇ ਸੈਕਟਰ-70 ਸਥਿਤ ਹੋਮਲੈਂਡ ਹਾਈਟਸ ਵਿੱਚ ਇੱਕ ਸਾਢੇ 14 ਸਾਲ ਦੀ ਨਾਬਾਲਗ ਕੁੜੀ ਨਾਲ ਜਿਣਸੀ ਸ਼ੋਸ਼ਣ, ਕੁੱਟਮਾਰ ਅਤੇ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਟੌਰ ਥਾਣਾ ਪੁਲਿਸ ਨੇ ਪੀੜਤ ਲੜਕੀ ਦੇ ਪਿਤਾ ਪਰਮਿੰਦਰ ਸਿੰਘ, ਵਾਸੀ ਪਿੰਡ ਬੀਰਮੀ ਜ਼ਿਲ੍ਹਾ ਲੁਧਿਆਣਾ, ਦੀ ਸ਼ਿਕਾਇਤ ‘ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਦਾਖਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਬਲਾਤਕਾਰ, ਅਗਵਾ ਅਤੇ ਪੋਕਸੋ ਐਕਟ ਦੀਆਂ ਸੰਗੀਨ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਪਰਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਪਹਿਲਾਂ ਉਸ ਦੀ ਪਤਨੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਪਰਿਵਾਰਕ ਜੀਵਨ ਤਬਾਹ ਕੀਤਾ ਅਤੇ ਬਾਅਦ ਵਿੱਚ ਉਸ ਦੀ ਨਾਬਾਲਗ ਧੀ ‘ਤੇ ਵੀ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਐਫਆਈਆਰ ਮੁਤਾਬਕ ਜਸਕਰਨਜੀਤ ਦਿਓਲ ਅਕਤੂਬਰ 2024 ਵਿੱਚ ਪਰਿਵਾਰ ਨੂੰ ਮੋਹਾਲੀ ਦੇ ਇੱਕ ਫਲੈਟ ਵਿੱਚ ਲੈ ਆਇਆ, ਜਿੱਥੇ ਪੀੜਤ ਲੜਕੀ ਅਤੇ ਉਸ ਦੀ ਭੈਣ ਵੀ ਰਹਿ ਰਹੀਆਂ ਸਨ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇੱਕ ਮੌਕੇ ‘ਤੇ ਜਦੋਂ ਨਾਬਾਲਗ ਕੁੜੀ ਨੂੰ ਸਕੂਲ ਦੇ ਹੋਸਟਲ ਤੋਂ ਵਾਪਸ ਲਿਆਂਦਾ ਜਾ ਰਿਹਾ ਸੀ ਤਾਂ ਮੁਲਜ਼ਮ ਉਸ ਨੂੰ ਘਰ ਲਿਜਾਣ ਦੀ ਬਜਾਏ ਜ਼ਬਰਦਸਤੀ ਇੱਕ ਹੋਟਲ ਵਿੱਚ ਲੈ ਗਿਆ। ਉੱਥੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਅਤੇ ਜਿਣਸੀ ਸ਼ੋਸ਼ਣ ਕੀਤਾ ਗਿਆ। ਦੋਸ਼ ਹੈ ਕਿ ਵਿਰੋਧ ਕਰਨ ‘ਤੇ ਕੁੜੀ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਦੇ ਪਿਤਾ ਨੂੰ ਕੈਨੇਡਾ ਵਿੱਚ ਬੈਠੇ ਗੈਂਗਸਟਰਾਂ ਤੋਂ ਮਰਵਾ ਦਿੱਤਾ ਜਾਵੇਗਾ।

ਸ਼ਿਕਾਇਤ ਅਨੁਸਾਰ 9 ਮਈ ਨੂੰ ਪੀੜਤ ਕੁੜੀ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਆਪਣੇ ਪਿਤਾ ਕੋਲ ਪਹੁੰਚੀ ਅਤੇ ਰੋਂਦਿਆਂ ਸਾਰੀ ਘਟਨਾ ਬਾਰੇ ਦੱਸਿਆ। ਪਿਤਾ ਪਰਮਿੰਦਰ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੀ ਧੀ ਨੇ ਉਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਮਾਂ ਅਤੇ ਜਸਕਰਨਜੀਤ ਸਿੰਘ ਦਿਓਲ ਦੇ ਕਥਿਤ ਨਾਜਾਇਜ਼ ਸੰਬੰਧਾਂ ਕਾਰਨ ਇੱਕ ਬੱਚੀ ਦਾ ਜਨਮ ਹੋਇਆ ਸੀ, ਜਿਸਨੂੰ ਸਮਾਜ ਤੋਂ ਲੁਕਾ ਕੇ ਰੱਖਿਆ ਗਿਆ।

ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਨਾ ਤਾਂ ਉਸ ਦੀ ਪਤਨੀ ਦਾ ਉਸ ਨਾਲ ਕਾਨੂੰਨੀ ਤੌਰ ‘ਤੇ ਤਲਾਕ ਹੋਇਆ ਹੈ ਅਤੇ ਨਾ ਹੀ ਜਸਕਰਨਜੀਤ ਸਿੰਘ ਦਿਓਲ ਦਾ ਆਪਣੀ ਪਤਨੀ ਨਾਲ ਡਿਵੋਰਸ ਹੋਇਆ ਹੈ। ਜਾਣਕਾਰੀ ਮੁਤਾਬਕ, ਜਿਸ ਔਰਤ ਨਾਲ ਦਿਓਲ ਕਥਿਤ ਤੌਰ ‘ਤੇ ਰਹਿ ਰਿਹਾ ਸੀ, ਉਹ ਹਲਕਾ ਦਾਖਾ ਦੇ ਪਿੰਡ ਬੀਰਮੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਦੋ ਬੱਚੇ ਹਨ। ਦੂਜੇ ਪਾਸੇ, ਦਿਓਲ ਦੀ ਪਤਨੀ ਵੀ ਹਲਕਾ ਦਾਖਾ ਦੇ ਪਿੰਡ ਸਹੌਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਉਸ ਦੇ ਵੀ ਦੋ ਬੱਚੇ ਹਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਟੌਰ ਥਾਣਾ ਪੁਲਿਸ ਨੇ ਭਾਰਤੀ ਨਿਆ ਸੰਹਿਤਾ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *