‘ਯਾਰੀਆਂ-2’ ਵਿਵਾਦ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਕਿਰਪਾਨ ਦੇ ਦ੍ਰਿਸ਼ ਨੂੰ ਲੈ ਕੇ ਦਰਜ ਕੇਸ ’ਤੇ ਲੱਗੀ ਰੋਕ

‘ਯਾਰੀਆਂ-2’ ਵਿਵਾਦ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਕਿਰਪਾਨ ਦੇ ਦ੍ਰਿਸ਼ ਨੂੰ ਲੈ ਕੇ ਦਰਜ ਕੇਸ ’ਤੇ ਲੱਗੀ ਰੋਕ

ਅਦਾਲਤ ਨੇ ਫ਼ਿਲਮ ਦੀ ਨਿਰਦੇਸ਼ਕ ਰਾਧਿਕਾ ਰਾਓ, ਸਹਿ-ਨਿਰਦੇਸ਼ਕ ਵਿਨੈ ਸਪ੍ਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਨੂੰ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਦਰਜ FIR ਅਤੇ ਇਸ ਨਾਲ ਜੁੜੀ ਸਾਰੀ ਕਾਰਵਾਈ ਰੱਦ ਕਰ ਦਿੱਤੀ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

 ਫ਼ਿਲਮ ‘ਯਾਰੀਆਂ-2’ ਦੇ ਇੱਕ ਗੀਤ ਵਿੱਚ ਕਿਰਪਾਨ ਦਿਖਾਏ ਜਾਣ ਨੂੰ ਲੈ ਕੇ ਦਰਜ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਫ਼ਿਲਮ ਦੀ ਨਿਰਦੇਸ਼ਕ ਰਾਧਿਕਾ ਰਾਓ, ਸਹਿ-ਨਿਰਦੇਸ਼ਕ ਵਿਨੈ ਸਪ੍ਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਨੂੰ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਦਰਜ FIR ਅਤੇ ਇਸ ਨਾਲ ਜੁੜੀ ਸਾਰੀ ਕਾਰਵਾਈ ਰੱਦ ਕਰ ਦਿੱਤੀ ਹੈ।

ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਕਿਸੇ ਧਾਰਮਿਕ ਪ੍ਰਤੀਕ ਨੂੰ ਕਲਾਤਮਕ ਰੂਪ ਵਿੱਚ ਪੇਸ਼ ਕਰਨਾ ਮਾਤਰ ਹੀ ਅਪਰਾਧ ਸਾਬਤ ਕਰਨ ਲਈ ਕਾਫ਼ੀ ਨਹੀਂ ਹੈ। ਧਾਰਾ 295-A ਤਹਿਤ ਕਾਰਵਾਈ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੰਮ ਜਾਣਬੁੱਝ ਕੇ ਅਤੇ ਬਦਨੀਅਤੀ ਨਾਲ ਕੀਤਾ ਗਿਆ ਸੀ।

ਅਦਾਕਾਰ ਨੂੰ ਕਿਰਪਾਨ ਪਹਿਨੇ ਦਿਖਾਉਣ ਤੋਂ ਸ਼ੁਰੂ ਹੋਇਆ ਵਿਵਾਦ

ਇਹ ਵਿਵਾਦ ‘ਯਾਰੀਆਂ-2’ ਦੇ ਇੱਕ ਗੀਤ ਦੇ ਦ੍ਰਿਸ਼ ਨੂੰ ਲੈ ਕੇ ਖੜ੍ਹਾ ਹੋਇਆ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਇਤਰਾਜ਼ ਜਤਾਇਆ ਸੀ ਕਿ ਗੀਤ ਵਿੱਚ ਅਦਾਕਾਰ ਨੀਜ਼ਾਨ ਜਾਫਰੀ ਨੂੰ ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਿੱਖ ਰਹਿਤ-ਮਰਿਆਦਾ ਮੁਤਾਬਕ ਕਿਰਪਾਨ ਅੰਮ੍ਰਿਤਧਾਰੀ ਸਿੱਖਾਂ ਨਾਲ ਸਬੰਧਤ ਧਾਰਮਿਕ ਕਕਾਰ ਹੈ। ਇਸ ਲਈ ਗੈਰ-ਅੰਮ੍ਰਿਤਧਾਰੀ ਵਿਅਕਤੀ ਨੂੰ ਕਿਰਪਾਨ ਪਹਿਨੇ ਦਿਖਾਉਣਾ ਸਿੱਖ ਧਰਮ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ।

ਇਸੇ ਸ਼ਿਕਾਇਤ ਦੇ ਆਧਾਰ ’ਤੇ ਫ਼ਿਲਮ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ IPC ਦੀ ਧਾਰਾ 295-A ਤਹਿਤ FIR ਦਰਜ ਕੀਤੀ ਗਈ ਸੀ।

ਅੰਮ੍ਰਿਤਸਰ ਵਾਲੀ FIR ਦਾ ਵੀ ਉੱਠਿਆ ਸੀ ਮੁੱਦਾ

ਪਟੀਸ਼ਨਕਰਤਾਵਾਂ ਨੇ ਹਾਈ ਕੋਰਟ ਵਿੱਚ ਇਹ ਦਲੀਲ ਦਿੱਤੀ ਕਿ ਇਸੇ ਗੀਤ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਵੀ FIR ਦਰਜ ਹੋਈ ਸੀ ਅਤੇ ਇੱਕੋ ਘਟਨਾ ਸਬੰਧੀ ਦੋ FIR ਨਹੀਂ ਹੋ ਸਕਦੀਆਂ।

ਹਾਲਾਂਕਿ ਅਦਾਲਤ ਨੇ ਰਿਕਾਰਡ ਦੀ ਜਾਂਚ ਕਰਦਿਆਂ ਪਾਇਆ ਕਿ ਜਿਸ FIR ਨੂੰ ਮੌਜੂਦਾ ਮਾਮਲੇ ਦੀ ਦੂਜੀ FIR ਦੱਸਿਆ ਜਾ ਰਿਹਾ ਸੀ, ਉਹ ਬਾਅਦ ਵਿੱਚ ਦਰਜ ਹੋਈ ਸੀ। ਮੌਜੂਦਾ FIR 30 ਅਗਸਤ 2023 ਨੂੰ ਦਰਜ ਕੀਤੀ ਗਈ ਸੀ, ਜਦਕਿ ਅੰਮ੍ਰਿਤਸਰ ਵਿੱਚ FIR 31 ਅਗਸਤ 2023 ਨੂੰ ਦਰਜ ਹੋਈ। ਇਸ ਲਈ ਅਦਾਲਤ ਨੇ ਦੂਜੀ FIR ਵਾਲੀ ਦਲੀਲ ਨੂੰ ਸਵੀਕਾਰ ਨਹੀਂ ਕੀਤਾ।

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨੀਅਤ ਸਾਬਤ ਹੋਣੀ ਜ਼ਰੂਰੀ

ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਨੇ ਧਾਰਾ 295-A ਦੀ ਵਿਆਖਿਆ ਕਰਦਿਆਂ ਕਿਹਾ ਕਿ ਕਿਸੇ ਧਾਰਮਿਕ ਚਿੰਨ੍ਹ ਦੀ ਪੇਸ਼ਕਾਰੀ ਨੂੰ ਦੇਖ ਕੇ ਹੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਅਪਰਾਧ ਕੀਤਾ ਗਿਆ ਹੈ।

ਅਦਾਲਤ ਮੁਤਾਬਕ ਇਸ ਧਾਰਾ ਤਹਿਤ ਮਾਮਲਾ ਬਣਾਉਣ ਲਈ ਇਹ ਦਰਸਾਉਣਾ ਲਾਜ਼ਮੀ ਹੈ ਕਿ ਦੋਸ਼ੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਜਿਹਾ ਕਦਮ ਚੁੱਕਿਆ ਸੀ।

ਹਾਈ ਕੋਰਟ ਨੇ ਮੌਜੂਦਾ ਮਾਮਲੇ ਦੇ ਤੱਥਾਂ ਨੂੰ ਦੇਖਦਿਆਂ ਗੀਤ ਵਿੱਚ ਗੈਰ-ਅੰਮ੍ਰਿਤਧਾਰੀ ਵਿਅਕਤੀ ਨੂੰ ਕਿਰਪਾਨ ਪਹਿਨੇ ਦਿਖਾਉਣ ਨੂੰ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਵਾਲੀ ਕਾਰਵਾਈ ਨਹੀਂ ਮੰਨਿਆ।

ਇਤਰਾਜ਼ ਤੋਂ ਬਾਅਦ ਦ੍ਰਿਸ਼ ਹਟਾਏ ਗਏ ਸਨ

ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਫ਼ਿਲਮ ਵਿੱਚੋਂ ਇਤਰਾਜ਼ਯੋਗ ਦੱਸੇ ਜਾ ਰਹੇ ਦ੍ਰਿਸ਼ ਹਟਾ ਦਿੱਤੇ ਗਏ ਸਨ। ਇਸ ਤੋਂ ਇਲਾਵਾ ਫ਼ਿਲਮ ਨਾਲ ਜੁੜੇ ਪਟੀਸ਼ਨਕਰਤਾਵਾਂ ਵੱਲੋਂ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗੀ ਗਈ ਸੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਸੀ।

ਹਾਈ ਕੋਰਟ ਨੇ ਇਹ ਵੀ ਸਪਸ਼ਟ ਕੀਤਾ ਕਿ ਇੱਕ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਆਪਣੇ ਆਪ ਪੂਰੇ ਸਿੱਖ ਭਾਈਚਾਰੇ ਦੀ ਸਾਂਝੀ ਧਾਰਮਿਕ ਭਾਵਨਾ ਨਹੀਂ ਮੰਨਿਆ ਜਾ ਸਕਦਾ।

ਅਦਾਲਤ ਨੇ FIR ਸਮੇਤ ਪੂਰੀ ਕਾਰਵਾਈ ਕੀਤੀ ਰੱਦ

ਸਾਰੇ ਤੱਥਾਂ ਅਤੇ ਕਾਨੂੰਨੀ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ IPC ਦੀ ਧਾਰਾ 295-A ਤਹਿਤ ਅਪਰਾਧ ਦੇ ਜ਼ਰੂਰੀ ਤੱਤ ਪੂਰੇ ਨਹੀਂ ਹੁੰਦੇ।

ਇਸ ਆਧਾਰ ’ਤੇ ਅਦਾਲਤ ਨੇ ‘ਯਾਰੀਆਂ-2’ ਨਾਲ ਸਬੰਧਤ ਇਸ ਮਾਮਲੇ ਵਿੱਚ ਦਰਜ FIR ਅਤੇ ਇਸ ਤੋਂ ਬਾਅਦ ਚੱਲੀ ਸਾਰੀ ਕਾਰਵਾਈ ਨੂੰ ਰੱਦ ਕਰ ਦਿੱਤਾ। ਇਸ ਫ਼ੈਸਲੇ ਨਾਲ ਫ਼ਿਲਮ ਦੇ ਨਿਰਦੇਸ਼ਕਾਂ ਅਤੇ ਨਿਰਮਾਤਾ ਨੂੰ ਇਸ ਮਾਮਲੇ ਵਿੱਚ ਵੱਡੀ ਕਾਨੂੰਨੀ ਰਾਹਤ ਮਿਲੀ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *